(ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜੇਕਰ ਤੁਹਾਨੂੰ ਵੀ ਤੁਰੰਤ ਲੋਨ ਦੇਣ ਵਾਲੇ ਐਪਸ ਤੋਂ ਪਰੇਸ਼ਨੀ ਹੈ ਤਾਂ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਭਾਰਤ ‘ਚ ਹਰ ਤਰ੍ਹਾਂ ਦੇ ਇੰਸਟੈਂਟ ਲੋਨ ਐਪ ਬੰਦ ਹੋਣ ਵਾਲੇ ਹਨ। ਇਸ ਲਈ ਸਰਕਾਰ ਨੇ ਗੂਗਲ ਅਤੇ ਐਪਲ ਨੂੰ ਆਦੇਸ਼ ਦਿੱਤਾ ਹੈ। ਸਰਕਾਰ ਨੇ ਇਹ ਫੈਸਲਾ ਲੋਨ ਐਪਸ ਰਾਹੀਂ ਲੋਕਾਂ ਨਾਲ ਹੋ ਰਹੇ ਫਰਾਡ ਨੂੰ ਲੈ ਕੇ ਲਿਆ ਹੈ। ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਅੱਜ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਦੋਵਾਂ ‘ਤੇ ਕਈ ਐਪਲੀਕੇਸ਼ਨਾਂ ਹਨ ਜੋ ਭਾਰਤੀਆਂ ਦੁਆਰਾ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ। ਅਸੀਂ ਐਪਲੀਕੇਸ਼ਨਾਂ ਦੇ ਇਕ ਸੈੱਟ ਨੂੰ ਟ੍ਰੈਕ ਕਰ ਰਹੇ ਹਾਂ ਜੋ ਲੋਨ ਐਪਲੀਕੇਸ਼ਨਾਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਗੂਗਲ ਅਤੇ ਐਪਲ ਦੋਵਾਂ ਨੂੰ ਇਕ ਸਲਾਹ ਜਾਰੀ ਕੀਤੀ ਹੈ ਕਿ ਉਨ੍ਹਾਂ ਨੂੰ ਅਸੁਰੱਖਿਅਤ ਐਪਲੀਕੇਸ਼ਨ ਜਾਂ ਗੈਰ-ਕਾਨੂੰਨੀ ਐਪਲੀਕੇਸ਼ਨ ਸਟੋਰ ‘ਤੇ ਲਿਸਟ ਨਹੀਂ ਕਰਨਾ ਚਾਹੀਦਾ। ਸਾਰੇ ‘ਡਿਜੀਟਲ ਨਾਗਰਿਕਾਂ’ ਲਈ ਇੰਟਰਨੈੱਟ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਬਣਾਈ ਰੱਖਣਾ ਸਾਡੀ ਸਰਕਾਰ ਦਾ ਉਦੇਸ਼ ਅਤੇ ਮਿਸ਼ਨ ਹੈ। ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਇਨ੍ਹਾਂ ਐਪਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਆਰ.ਬੀ.ਆਈ. ਦੇ ਨਾਲ ਜਲਦ ਬੈਠਕ ਕੀਤੀ ਜਾਵੇਗੀ ਅਤੇ ਇਕ ਲਿਸਟ ਬਣਾਈ ਜਾਵੇਗੀ। ਉਸ ਲਿਸਟ ਦੇ ਆਉਣ ਤੋਂ ਬਾਅਦ ਸਿਰਫ ਓਹੀ ਐਪ ਇੰਸਟੈਂਟ ਲੋਨ ਦੇ ਸਕਣਗੇ ਜੋ ਉਸ ਲਿਸਟ ‘ਚ ਸ਼ਾਮਲ ਹੋਣਗੇ। ਇਸ ਲਈ ਇਕ ਮਾਪਦੰਡ ਬਣਾਇਆ ਜਾਵੇਗਾ।