‘ਮਾਣ ਧੀਆਂ ਤੇ’ ਸੰਸਥਾ ਵਾਲੇ ਮੱਟੂ ਤੇ ਜ਼ਿਲ੍ਹੇ ਨੂੰ ਹੈ ਮਾਣ : ਹਰਦੇਸ਼ ਸ਼ਰਮਾ

ਅੰਮ੍ਰਿਤਸਰ, 8 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਜਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਚੇਅਰਮੈਨ ਹਰਦੇਸ਼ ਸ਼ਰਮਾ ਨੇ ਅੱਜ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈ ਦਿੰਦਿਆਂ ਕਿਹਾ ਕੇ ਇਕ ਸਰਵੇ ਮੁਤਾਬਕ ਪੰਜਾਬ ਵਿਚ ਇਸ ਵੇਲੇ 1016 ਦੇ ਕਰੀਬ ਐਨਜੀਓ ਹਨ l ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਸੱਚਮੁੱਖ ਸਮਾਜ ਸੇਵਾ ਦਾ ਕੰਮ ਕਰ ਰਹੀਆਂ ਹਨ । ਉਨ੍ਹਾਂ ਵਿਚੋਂ ਇਕ ਹੈ , ਅੰਮ੍ਰਿਤਸਰ ਜਿਲ੍ਹੇ ਦੀ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਇਸ ਦੇ ਮੁੱਖ ਸੇਵਾਦਾਰ ਸਮਾਜ ਸੇਵਕ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਸ੍ਰੀ ਮੱਟੂ ਨੇ ਕੇਵਲ ਇਕ ਦਿਨ ਵਿਚ ਹੀ ਨਹੀਂ ਬਲਕਿ ਨਿਰੰਤਰ 20 ਸਾਲ ਸੰਘਰਸ਼ ਕਰਕੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ । ਅਜੋਕੇ ਯੁੱਗ ਵਿਚ ਸਮਾਜਕ ਤਾਨਾਬਾਣਾ ਇਸ ਤਰ੍ਹਾਂ ਦੀ ਰੂਪਰੇਖਾ ਤਿਆਰ ਕਰ ਗਿਆ ਹੈ ਕਿ ਸਮਾਜ ਸੇਵੀ ਸੰਸਥਾ ਦੀ ਸਾਰਥਿਕ ਭੂਮਿਕਾ ਤੋਂ ਬਗੈਰ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਮੁਸ਼ਕਲ ਹੈ । ਸ੍ਰੀ ਗੁਰਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਪਿਛਲੇ ਡੇਢ ਦਹਾਕੇ ਤੋਂ ਉਪ੍ਰੋਕਤ ਸੰਸਥਾ ਵਲੋਂ ਸਮਾਜਿਕ ਬੁਰਾਈਆਂ ਖਿਲਾਫ 20 ਦੇ ਕਰੀਬ ਮੁਹਿੰਮਾਂ ਨਿਰੰਤਰ ਚਲਾਈਆਂ ਜਾ ਰਹੀਆਂ ਹਨ।

ਵਾਤਾਵਰਣ ਨੂੰ ਸਾਫ ਸੁਥਰਾ ਅਤੇ ਸ਼ੁੱਧ ਰੱਖਣ ਲਈ ਹਰ ਵਰੇ ਬਰਸਾਤੀ ਮੌਸਮ ਵਿਚ ਵੱਖ ਵੱਖ ਸਕੂਲਾਂ ਵਿੱਚ 100 ਦੇ ਕਰੀਬ ਛਾਂਦਾਰ ਬੂਟੇ ਲਗਾਏ ਜਾਂਦੇ ਹਨ । ਮੱਟੂ ਨੇ ਦੱਸਿਆ ਕਿ ਵੱਖ ਵੱਖ ਸਕੂਲਾਂ ਦੇ ਖੇਡ ਮੈਦਾਨਾਂ ਵਿੱਚ ਲੱਗੇ ਹੋਏ ਹਜ਼ਾਰਾਂ ਬੂਟੇ ਵਿਦਿਆਰਥੀਆਂ ਨੂੰ ਛਾਂ ਰਹੇ ਹਨ । ਜ਼ਿਲ੍ਹੇ ਦੇ 148 ਸਕੂਲਾਂ ਤੇ ਕਾਲਜਾਂ ਦੇ ਇੱਕ ਲੱਖ 6 ਹਜਾਰ 209 ਨੌਜਵਾਨ ਵਿਦਿਆਰਥੀਆਂ ਨੂੰ ਭਰੂਣ ਹੱਤਿਆ ਖਿਲਾਫ ਜਾਗਰੂਕ ਕਰਨ ਲਈ ਚਲਾਈ ਗਈ (ਹਸਤਾਖਰ ਮੁਹਿੰਮ) ਰਾਹੀਂ ਜਾਗਰੂਕ ਕੀਤਾ ਹੈ । ਅੱਜ ਵੀ ਇਹ ਮੁਹਿੰਮ ਨਿਰੰਤਰ ਚਲ ਰਹੀ ਹੈ। ਹਰ ਸਾਲ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਧਾਰਮਿਕ ਰੁੱਚੀ ਪੈਦਾ ਕਰਨ ਲਈ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ ।4 ਨਵੰਬਰ ਨੂੰ (ਬਾਲ ਦਿਵਸ) ਮੌਕੇ ਬਾਲ ਵਿਦਿਆਰਥੀਆਂ ਨੂੰ ਕਾਪੀਆਂ , ਕਿਤਾਬਾਂ ਅਤੇ ਸਟੇਸ਼ਨਰੀ ਮੁਫਤ ਦਿੱਤੀ ਜਾਂਦੀ ਹੈ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਅਤੇ ਖੇਡਾਂ ਨੂੰ ਪ੍ਰਮੋਟ ਕਰਨ ਲਈ ਕਬੱਡੀ, ਕ੍ਰਿਕੇਟ , ਵਾਲੀਬਾਲ ਅਤੇ ਐਥਲੈਟਿਕਸ ਮੁਕਾਬਲੇ ਕਰਵਾਏ ਜਾਂਦੇ ਹਨ, ਪਿਛਲੇ 20 ਸਾਲ ਤੋਂ ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਨਾਲ ਜੁੜ ਕੇ ਪਦਮ ਸ਼੍ਰੀ ਐਵਾਰਡੀ, ਦ੍ਰੋਣਾਚਾਰੀਆਂ ਐਵਾਰਡੀ, ਓਲਪੀਅਨ, ਕੌਮਾਂਤਰੀ ਅਤੇ ਕੌਮੀ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਸ਼ੁਰੂਆਤ ਕੀਤੀ।

ਪਿਛਲੇ 20 ਵਰਿਆਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਣ ਵਾਲੀ ਸਲਾਨਾ ਪ੍ਰੀਖਿਆ ਵਿੱਚ ਦਸਵੀਂ ਅਤੇ ਬਾਰਵੀਂ ਵਿੱਚ ਮੈਰਿਟ ਪ੍ਰਾਪਤ ਕਰਨ ਵਾਲੀਆਂ 10-10 ( ਕੁੱਲ 20 ) ਵਿਦਿਆਰਥਣਾਂ ਤੋਂ ਇਲਾਵਾ ਜਿਲ੍ਹੇ ਦੀਆਂ 300 ਦੇ ਕਰੀਬ ਹੋਣਹਾਰ ਧੀਆਂ ਨੂੰ “ਮਾਣ ਧੀਆਂ ਤੇ ਐਵਾਰਡ” ਸਮਾਰੋਹ ਰਾਹੀਂ ਸਨਮਾਨਿਤ ਕੀਤੀ ਜਾਂਦਾ ਹੈ । ਅੱਜ ਤੱਕ 5500 ਦੇ ਕਰੀਬ ਲੜਕੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2 ਅਕਤੂਬਰ 2014 ਤੋਂ ਚਲਾਈ ਜਾ ਰਹੀ ਸਵੱਛ ਭਾਰਤ ਮੁਹਿੰਮ ਤਹਿਤ ਸਕੂਲਾਂ ਚ ਨੁਕੜ ਨਾਟਕ ਕਰਵਾ ਕੇ ਸਫਾਈ ਮੁਹਿੰਮ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ l ਮੱਟੂ ਨੇ ਦੱਸਿਆ ਕਿ ਉਹ ਪੰਜਾਬ ਅਤੇ ਜ਼ਿਲ੍ਹੇ ਦੀਆਂ ਕਈ ਨਾਮਵਰ ਸੁਸਾਇਟੀਆਂ (ਜ਼ਿਲ੍ਹਾ ਰੂਰਲ ਸਪੋਰਟਸ ਪ੍ਰਮੋਸ਼ਨ ਕੌਸਲ , ਜਿਲ੍ਹਾ ਅੰਮ੍ਰਿਤਸਰ ਐਥਲੇਟਿਕਸ ਐਸੋਸੀਏਸ਼ਨ,ਮਾਝਾ ਸਪੋਰਟਸ ਪੇ੍ਮੋਸ਼ਨ ਐਸੋਸੀਏਸ਼ਨ,ਹੋਲੀ ਸਿਟੀ ਵਿਮੈਨ ਵੈਲਫੇਅਰ ਐਸੋਸੀਏਸ਼ਨ,ਸ਼ਹੀਦ ਭਗਤ ਸਿੰਘ ਯੂਥ ਕਲੱਬ,ਯੁਵਕ ਸੇਵਾਵਾਂ ਕਲੱਬ ਕੋਟ ਖਾਲਸਾ, ਅੰਮ੍ਰਿਤਸਰ ਐਥਲੈਟਿਕਸ ਕਲੱਬ,ਆਗਾਜ ਵੈਲਫੇਅਰ ਸੁਸਾਇਟੀ , ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ) ਨਾਲ ਜੁੜੇ ਹੋਏ ਹਨ । ਜਿਲਾ ਪੱਧਰੀ ਪਾਣੀ ਬਚਾਉ ਸਬੰਧੀ ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਲਹਿਰ ਸ਼ੁਰੂ ਕੀਤੀ ।

ਪਿੱਛਲੇ ਬੀਤੇ ਢੇੜ ਸਾਲ ਵਿੱਚ ਕਰੋਨਾ ਮਹਾਂਮਾਰੀ ਦੌਰਾਨ ਰਾਹਗੀਰਾਂ ਨੂੰ 2000 ਦੇ ਕਰੀਬ ਫ਼੍ਰੀ ਮਾਸਕ ਵੰਡੇ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਿਆ ਮਿਸ਼ਨ ਫ਼ਤਹਿ ਮੁਹਿੰਮ ਵਿੱਚ 1000 ਨੌਜਵਾਨਾਂ ਨੂੰ ਜਾਗਰੂਕ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ (ਰਾਜ ਪੱਧਰੀ ਕੋਰੋਨਾ ਵਾਰਿਅਰ ਦਾ ਐਵਾਰਡ ਪ੍ਰਾਪਤ ਕੀਤਾ l ਪ੍ਰਧਾਨ ਮੱਟੂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 26 ਜਨਵਰੀ 2015 ਅਤੇ 15 ਅਗਸਤ 2017 ਨੂੰ ਜਿਲ੍ਹਾ ਪੱਧਰੀ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਹਿੰਦੁਸਤਾਨ ਦੇ ਚੁਣੇ ਗਏ 100 ਟੋਪਰ ਸਮਾਜ ਸੇਵਕਾਂ ਵਿੱਚੋਂ 51ਵੇਂ ਭਾਰਤੀ ਅਤੇ ਇੱਕਲੋਤੇ ਪੰਜਾਬੀ ਹੋਣ ਦਾ ਮਾਣ ਵੀ ਮਿਲ ਚੁੱਕਾ ਹੈ l ਗੀਨਿਜ਼ ਬੁੱਕ ਆਫ਼ ਵਰਲਡ ਅਤੇ ਇੰਡੀਆ ਬੁੱਕ ਰਿਕਾਰਡ ਹੋਲਡਰ ਦਾ ਸਨਮਾਨ ਵੀ ਪ੍ਰਧਾਨ ਮੱਟੂ ਦੇ ਹਿੱਸੇ ਹੀ ਆਇਆ ਹੈ lਜਿਲ੍ਹਾ ਸਿੱਖਿਆ ਅਫਸਰ ਅਤੇ ਕਈ ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ , ਧਾਰਮਿਕ ਅਤੇ ਖੇਡ ਸੰਸਥਾਵਾਂ ਵੱਲੋਂ ਮਾਣ ਸਨਮਾਨ ਮਿਲ ਚੁੱਕਾ ਹੈ । ਨਸ਼ਿਆਂ ਖਿਲਾਫ ਰੈਲੀਆਂ, ਕਵਿਤਾ ਤੇ ਭਾਸ਼ਣ ਮੁਕਾਬਲੇ ਤੋਂ ਇਲਾਵਾ ਸੈਮੀਨਾਰ ਕਰਵਾਏ ਜਾ ਰਹੇ ਹਨ । ਸਕੂਲੀ ਵਾਹਨਾਂ ਤੇ ਸੜਕ ਹਾਦਸੇ ਰੋਕਣ ਲਈ ਮੁਹਿੰਮ ਚਲਾਈ ਜਾ ਰਹੀ ਹੈ । ਸਕੂਲੀ ਵਿਦਿਆਰਥੀਆਂ ਲਈ ਪੜਾਈ ਵਿਚ ਨਕਲ ਅਤੇ ਖੇਡਾਂ ਵਿਚ ਨਸ਼ੇ ਖਿਲਾਫ਼ ਸਬੰਧੀ ਜਾਗਰੂਕਤਾ ਲਹਿਰ ਸ਼ੁਰੂ ਕੀਤੀ ਗਈ । ਮਨੁਖੀ ਰਹਿਤ ਫਾਟਕਾਂ ਬਾਰੇ ਸੁਰਖਿਆ ਸਬੰਧੀ ਜਾਣਕਾਰੀ ਦਿਤੀ ਜਾ ਰਹੀ ਹੈ । ਇਸ ਤੋਂ ਇਲਾਵਾ ਪਰਿੰਦਿਆਂ ਦੀ ਸੇਵਾ ਸੰਭਾਲ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ । ਪ੍ਰਮਾਤਮਾ ਦੇ ਭਾਣੇ ਵਿਚ ਰਹਿਣ ਵਾਲੇ ਸਮਾਜ ਸੇਵਕ ਮੱਟੂ ਨੇ ਲੋਕ ਸੇਵਾ ਨੂੰ ਆਪਣਾ ਮਿਸ਼ਨ ਮੰਨਿਆ ਹੈ । ਰੱਬ ਕਰੇ ਮਾਨਵਤਾ ਦਾ ਇਹ ਪੁਜਾਰੀ ਇਸੇ ਤਰ੍ਹਾਂ ਹੀ ਹੋਰ ਬੁਲੰਦੀਆਂ ਨੂੰ ਛੂਹਦਾ ਰਹੇ

You May Also Like