ਪੰਜਾਬ ਦੇ ਬਹਾਦਰ ਲੋਕਾਂ ਨੂੰ ਹਰ ਸਕੰਟ ਨਾਲ ਜੂਝਣਾ ਵਿਰਾਸਤ ਚ ਮਿਲਿਆ : ਜਥੇਦਾਰ ਬਾਬਾ ਕੁਲਵੰਤ ਸਿੰਘ ਜੀ
ਅੰਮ੍ਰਿਤਸਰ 22 ਅਗਸਤ (ਰਾਜੇਸ਼ ਡੈਨੀ) – ਇਸ ਸਮੇਂ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਕਈ ਥਾਂਵਾਂ ਤੇ ਲੋਕ ਕੁਦਰਤ ਦੀ ਮਾਰ ਝੱਲ ਰਹੇ ਹਨ । ਪਹਾੜੀ ਰਾਜਾਂ ਵਿੱਚ ਬੱਦਲਾਂ ਦੇ ਫੱਟਣ ਤੇ ਬੇਹਿਸਾਬੀ ਬਾਰਸ਼ ਕਾਰਨ ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਦੇ ਤਬਾਹਕੁੰਨ ਮੁਹਾਰ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਗੁਰਦਾਸਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਆਦਿ ਜ਼ਿਲਿਆਂ ਵਿੱਚ, ਨਾਂਹ ਸਿਰਫ ਮਿਹਨਤਕਸ਼ ਲੋਕਾਂ ਦੀਆਂ ਫਸਲਾਂ ਤਬਾਹ ਕੀਤੀਆਂ ਹਨ, ਸਗੋਂ ਕਈ ਥਾਵਾਂ ਤੇ ਜਾਨ ਮਾਲ ਦਾ ਨੁਕਸਾਨ ਵੀ ਹੋਇਆ ਹੈ । ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਦੇ ਮਾਨਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਪੰਜ ਪਿਆਰੇ ਸਾਹਿਬਾਨ ਤੇ ਡਾ. ਵਿਜੈ ਸਤਬੀਰ ਸਿੰਘ ਜੀ ਪ੍ਰਸ਼ਾਸਕ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਤੇ ਸੁਪਰਡੈਂਟ ਸ੍ਰ: ਠਾਨ ਸਿੰਘ ਜੀ ਬੰਗਈ ਨੇ ਜਿੱਥੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਆਪਣੀ ਜ਼ਾਹਰਾ ਸੰਵੇਦਨਾ ਪ੍ਰਗਟ ਕੀਤੀ, ਉਥੇ ਨਾਲ ਹੀ ਸਮੂਹ ਪੰਜਾਬ ਵਾਸੀਆਂ ਦੀ ਚੜ੍ਹਦੀ ਕਲਾ ਲਈ ਗੁਰੂ ਮਹਾਰਾਜ ਦੇ ਹਜ਼ੂਰ ਅਰਦਾਸ ਬੇਨਤੀ ਵੀ ਕੀਤੀ । ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੇ ਕਿਹਾ ਕਿ ਪੰਜਾਬ ਦੇ ਲੋਕ ਬਹਾਦਰ ਹਨ ਤੇ ਹਰ ਸੰਕਟ ਨਾਲ ਜੂਝਣ ਦਾ ਬਲ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲਿਆ ਹੈ । ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਸ਼ਾਸਕ ਡਾਕਟਰ ਵਿਜੈ ਸਤਬੀਰ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕ ਸੇਵਾ ਨੂੰ ਸਮਰਪਿਤ ਸਰਕਾਰੀ, ਗੈਰ ਸਰਕਾਰੀ ਸਮੂਹ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਰੱਬ ਦੀ ਸੇਵਾ ਹੈ।