ਸ੍ਰੀ ਅੰਮ੍ਰਿਤਸਰ ਸਾਹਿਬ, 21 ਅਗਸਤ (ਰਾਜੇਸ਼ ਡੈਨੀ) – ਅੱਜਕਲ ਨੋਜ਼ਵਾਨਾਂ ਵਿਚ ਦਿਨੋ-ਦਿਨ ਵੱਧ ਰਹੀ ਨਸ਼ਿਆਂ ਦੀ ਆਦਤ ਨਾਲ ਸਮੁੱਚੇ ਪੰਜਾਬ ਦਾ ਅਕਸ਼ ਧੁੰਦਲਾ ਹੁੰਦਾ ਜਾ ਰਿਹਾ ਹੈ, ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਇਸ ਦਾ ਕੋਈ ਫਿਕਰ ਫਾਕਾ ਨਹੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਅਤੇ ਮਾਂਝੇ ਦੇ ਉੱਘੇ ਸਮਾਜ ਸੇਵਕ ਸ. ਪੂਰਨ ਸਿੰਘ ਸੰਧੂ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕੁਝ ਉਜਾੜ ਥਾਂਵਾਂ, ਬੱਸ ਸਟੈਡਾਂ ਅਤੇ ਪੇਸ਼ਾਬ ਘਰਾਂ ਦੇ ਨੇੜੇ ਪਈਆਂ ਇੰਨ੍ਹਾ ਨਸ਼ਿਆਂ ਦੀਆਂ ਸਰਿੰਜ਼ਾਂ, ਖਾਲੀ ਸ਼ੀਸ਼ੀਆਂ ਤੇ ਖਾਲੀ ਪੱਤਿਆ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆਂ ਜਾ ਸਕਦਾ ਹੈ ਕਿ ਸਾਡੇ ਨੋਜ਼ਵਾਨ ਇਸ ਭਿਆਨਕ ਰਸਤੇ ਵੱਲ ਤੁਰ ਪਏ ਹਨ। ਸੰਧੂ ਰਣੀਕੇ ਨੇ ਅੱਗੇ ਕਿਹਾ ਕਿ ਦੇਸ਼ ਵਿਚ ਵੱਡੇ ਪੱਧਰ ‘ਤੇ ਫੈਲੀ ਬੇਰੁਜ਼ਗਾਰੀ ਕਾਰਨ ਹੀ ਬਹੁਤੇ ਨੋਜ਼ਵਾਨ ਸਮੈਕ, ਹੈਰੋਇਨ, ਨਸ਼ੀਲੇ ਟੀਕੇ ਤੇ ਕੈਪਸੂਲ ਆਦਿ ਨਸ਼ਿਆਂ ਵੱਲ ਖਿੱਚੇ ਜਾ ਰਹੇ ਹਨ, ਜੋ ਇਕ ਬਹੁਤ ਹੀ ਚਿੰਤ੍ਹਾਂ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਕਈ ਮਾਵਾਂ ਦੇ ਮੁੱਛ ਫੁੱਟ ਗੱਭਰੂ, ਭੈਣਾਂ ਦੇ ਵੀਰ ਅਤੇ ਸੁਹਾਗਣਾ ਦੇ ਸੁਹਾਗ ਨਸ਼ੇ ਦੀ ਦਲ-ਦਲ ਵਿਚ ਫਸ ਕੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਮਾਜ ‘ਚੋ ਨਸ਼ਿਆਂ ਦਾ ਖਾਤਮਾ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ। ਸੰਧੂ ਰਣੀਕੇ ਨੇ ਅਖੀਰ ਵਿਚ ਕਿਹਾ ਜੇਕਰ ਸਮਾਂ ਰਹਿੰਦੇ ਇਸ ਸਮੱਸਿਆਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ‘ਚ ਸਿਹਤਮੰਦ ਤੇ ਮੁੱਛ ਫੁੱਟ ਗੱਭਰੂਆਂ ਦਾ ਲੱਭਣਾ ਔਖਾ ਹੋ ਜਾਵੇਗਾ।
ਮਾਵਾਂ ਦੇ ਮੁੱਛ ਫੁੱਟ ਗੱਭਰੂ, ਭੈਣਾਂ ਦੇ ਵੀਰ ਤੇ ਸੁਹਾਗਣਾ ਦੇ ਸੁਹਾਗ ਨਸ਼ੇ ਦੀ ਦਲ-ਦਲ ‘ਚ ਫਸੇ ਬਤੀਤ ਕਰ ਰਹੇ ਨੇ ਨਰਕ ਭਰਿਆ ਜੀਵਨ : ਸੰਧੂ ਰਣੀਕੇ
