3 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਸੂਬਾ ਪੱਧਰੀ ਰੈਲੀ
ਅੰਮ੍ਰਿਤਸਰ, 24 ਅਗਸਤ (ਰਾਜੇਸ਼ ਡੈਨੀ) – ਮਿਡ ਡੇ ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾਈ ਆਗੂ ਮਮਤਾ ਸ਼ਰਮਾ ਦੀ ਅਗਵਾਈ ਹੇਠ ਸਕੂਲਾਂ ਵਿੱਚ ਨਿਗੂਣੇ ਮਾਣ ਭੱਤੇ ‘ਤੇ ਕੰਮ ਕਰਦੀਆਂ ਕੁੱਕ ਵਰਕਰਾਂ ਦੀਆਂ ਵਾਜਬ ਮੰਗਾਂ ਦਾ ਮੰਗ ਪੱਤਰ ਉਪ-ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀਮਤੀ ਇੰਦੂ ਮੰਗੋਤਰਾ ਰਾਹੀਂ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਨੂੰ ਭੇਜਿਆ ਗਿਆ। ਇਸ ਮੌਕੇ ਯੂਨੀਅਨ ਦੀਆਂ ਜ਼ਿਲ੍ਹਾ ਆਗੂ ਹਰਜਿੰਦਰ ਕੌਰ ਗਹਿਰੀ, ਕੰਵਲਜੀਤ ਕੌਰ ਲਸ਼ਕਰੀ ਨੰਗਲ, ਪਰਮਜੀਤ ਕੌਰ ਲਹਿਰਕਾ, ਜਸਵਿੰਦਰ ਕੌਰ ਮਹਿਤਾ, ਗੁਰਜੀਤ ਕੌਰ ਮਹਿਤਾ, ਰਾਜਵਿੰਦਰ ਕੌਰ ਜੇਠੂਵਾਲ, ਪ੍ਰੇਮ ਲਤਾ, ਦਲਜੀਤ ਕੌਰ ਕਟੜਾ ਕਰਮ ਸਿੰਘ, ਭੁਪਿੰਦਰ ਕੌਰ ਅੰਮ੍ਰਿਤਸਰ, ਵਰਿੰਦਰ ਕੌਰ ਫੈਜ਼ਪੁਰਾ, ਕੁਲਦੀਪ ਕੌਰ ਛੇਹਰਟਾ ਅਤੇ ਕਵਲਜੀਤ ਕੌਰ ਜੰਡਿਆਲਾ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਅੰਦਰ ਕੰਮ ਕਰਦੀਆਂ ਮਿਡ-ਡੇ-ਮੀਲ ਵਰਕਰਾਂ ‘ਤੇ ਘੱਟੋ-ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕਰਨਾ ਤਾਂ ਅਜੇ ਦੂਰ ਦੀ ਗੱਲ ਹੈ ਸਗੋਂ ਭਗਵੰਤ ਮਾਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਗਾਰੰਟੀਆਂ ‘ਚੋਂ ਕੁੱਕ ਵਰਕਰਾਂ ਦੇ ਮਾਣ ਭੱਤੇ ਨੂੰ ਤੁਰੰਤ ਦੁੱਗਣਾ ਕਰਨ ਦੀ ਦਿੱਤੀ ਗਾਰੰਟੀ ਨੂੰ ਵੀ ਪੂਰਾ ਨਹੀਂ ਕੀਤਾ ਜਾ ਰਿਹਾ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਕਾਰਨ ਜਥੇਬੰਦੀ ਵੱਲੋਂ 3 ਸਤੰਬਰ ਨੂੰ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੇ ਹਲਕਾ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ। ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਕੁੱਕ ਵਰਕਰਾਂ ‘ਤੇ ਛੁੱਟੀਆਂ ਲੈਣ ਦੇ ਸਾਰੇ ਨਿਯਮ ਲਾਗੂ ਕੀਤੇ ਜਾਣ, ਵਰਕਰਾਂ ਦਾ ਈ.ਪੀ.ਐਫ. ਅਤੇ ਈ.ਐਸ.ਆਈ. ਕੱਟਿਆ ਜਾਵੇ, ਬੱਚਿਆਂ ਦੀ ਗਿਣਤੀ ਘਟਣ ਕਾਰਣ ਕੁੱਕ ਵਰਕਰਾਂ ਦੀ ਕੀਤੀ ਛਾਂਟੀ ਨਾ ਕੀਤੀ ਜਾਵੇ, ਕੁੱਕ ਵਰਕਰ ਦੀ ਮੌਤ ਹੋਣ ‘ਤੇ ਉਸਦੇ ਪਰਿਵਾਰਕ ਮੈੰਬਰ ਨੂੰ ਨੌਕਰੀ ਦਿੱਤੀ ਜਾਵੇ, ਅੱਠਵੀਂ ਪਾਸ ਵਰਕਰਾਂ ਨੂੰ ਦਰਜਾ-4 ਦੀਆਂ ਖਾਲੀ ਪਈਆਂ ਪੋਸਟਾਂ ‘ਤੇ ਨਿਯੁਕਤ ਕੀਤਾ ਜਾਵੇ ਅਤੇ ਵਰਕਰਾਂ ਨੂੰ ਸਾਲ ਵਿੱਚ ਦੋ ਵਾਰ ਵਰਦੀ ਦਿੱਤੀ ਜਾਵੇ।