ਮੋਗਾ, 22 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਖੋਟੇ ਵਿੱਚ ਦੇਰ ਰਾਤ ਨਸ਼ੇੜੀ ਪਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਮੁਲਜ਼ਮ ਪਹਿਲਾਂ ਆਪਣੇ ਤਿੰਨ ਬੱਚਿਆਂ ਨੂੰ ਘਰੋਂ ਦੂਰ ਛੱਡ ਕੇ ਆਇਆ। ਇਸ ਤੋਂ ਬਾਅਦ ਪਤਨੀ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿਤਾ।
ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਕਰਾਂਗੇ ਹੱਲ – ਡਿਪਟੀ ਕਮਿਸ਼ਨਰ
ਨਿਹਾਲ ਸਿੰਘ ਵਾਲਾ ਦੇ ਡੀਐਸਪੀ ਮਨਜੀਤ ਸਿੰਘ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਮੁਲਜ਼ਮ ਅਜੇ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਮ੍ਰਿਤਕ ਦੇ ਰਿਸ਼ਤੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਤੀ-ਪਤਨੀ ਨਰਮਾ ਚੁਗਣ ਲਈ ਸ੍ਰੀ ਮੁਕਤਸਰ ਸਾਹਿਬ ਗਏ ਹੋਏ ਸਨ। ਚਾਰ-ਪੰਜ ਦਿਨ ਪਹਿਲਾਂ ਪਿੰਡ ਆਏ ਸਨ। ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਸਾਡੀ ਧੀ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ‘ਚ ਲੜਾਈ ਹੁੰਦੀ ਰਹਿੰਦੀ ਸੀ ਅਤੇ ਲੜਕੀ ਇਸ ਤੋਂ ਕਾਫੀ ਪਰੇਸ਼ਾਨ ਰਹਿੰਦੀ ਸੀ।
ਕੱਲ੍ਹ ਮੁਲਜ਼ਮ ਪਹਿਲਾਂ ਆਪਣੇ ਤਿੰਨ ਬੱਚਿਆਂ ਨੂੰ ਕਿਤੇ ਛੱਡ ਗਿਆ ਸੀ। ਫਿਰ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿਤਾ। ਮੁਲਜ਼ਮ ਦਾ ਨਾਂ ਨਿੱਕਾ ਸਿੰਘ ਹੈ। ਉਸ ਦੀ ਉਮਰ ਕਰੀਬ 30 ਸਾਲ ਹੈ। ਮ੍ਰਿਤਕ ਦੀ ਉਮਰ ਵੀ ਕਰੀਬ 30 ਸਾਲ ਦੱਸੀ ਜਾ ਰਹੀ ਹੈ, ਉਸ ਦਾ ਨਾਂ ਗੁਰਪ੍ਰੀਤ ਕੌਰ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮੁਲਜ਼ਮ ਤਿੰਨਾਂ ਬੱਚਿਆਂ ਨੂੰ ਕਿੱਥੇ ਛੱਡ ਕੇ ਗਿਆ ਹੈ।