ਰੇਲਵੇ ਵਿਭਾਗ ਦੀ ਲਾਪ੍ਰਵਾਹੀ, ਸੜਕ ਨਾਲ ਪੁਟੇ ਟੋਇਆਂ ਕਾਰਨ ਵਾਪਰ ਸਕਦਾ ਭਿਆਨਕ ਹਾਦਸਾ

ਅੰਮ੍ਰਿਤਸਰ 27 ਅਗਸਤ (ਰਾਜੇਸ਼ ਡੈਨੀ) – ਨਹਿਰੀ ਅਤੇ ਰੇਲਵੇ ਕਲੋਨੀ ਏ-ਬਲਾਕ ਦੇ ਰਿਹਾਇਸ਼ੀ ਕੁਆਟਰਾਂ ਵਿੱਚੋ ਲੰਘਦੀ ਪੱਕੀ ਸੜਕ ਦੇ ਬਿਲਕੁਲ ਲਾਗੇ ਕਿਨਾਰੇ ਤੋਂ ਰੇਲਵੇ ਵਿਭਾਗ ਦੇ ਕਰਮਚਾਰੀਆਂ ਵੱਲੋ ਪਾਣੀ ਵਾਲੀਆਂ ਪਾਇਪਾਂ ਪਾਉਣ ਲਈ ਜੋ 3-4 ਫੁੱਟ ਡੂੰਘੀ ਖੁਦਾਈ ਕਈ ਮਹੀਨਿਆਂ ਤੋਂ ਕੀਤੀ ਹੋਈ ਹੈੰ,ਉਹ ਪਾਇਪਾਂ ਪਾਉਣ ਦਾ ਕੰਮ ਮੁਕੰਮਲ ਹੋ ਜਾਣ ਤੇ ਵੀ ਨਹੀਂ ਪੂਰੀਆਂ ਜਾ ਰਹੀਆਂ। ਇਸ ਤੋਂ ਇਲਾਵਾ ਇਸੇ ਹੀ ਸੜਕ ਤੇ ਕੋਈ 6-7 ਮਹੀਨੇ ਪਹਿਲਾ ਪਾਣੀ ਵਾਲੀਆਂ ਪਾਇਪਾਂ ਲੀਕ ਹੋਣ ਕਰਕੇ ਰੇਲਵੇ ਮੁਲਾਜ਼ਮਾਂ ਵੱਲੋ ਟੋਏ ਪੁੱਟੇ ਗਏ ਸਨ, ਉਹ ਵੀ ਵਾਰ-ਵਾਰ ਕਹਿਣ ਤੇ ਅਜੇ ਤੱਕ ਨਹੀਂ ਪੂਰੇ ਗਏ।ਜਿਸ ਕਾਰਨ ਨਹਿਰੀ ਕਲੋਨੀ ਵਾਸੀ ਡਾਹਢੇ ਪ੍ਰੇਸ਼ਾਨ ਅਤੇ ਗੰਭੀਰ ਮੁਸਕਲ ਵਿੱਚ ਦਿਨ ਕੱਟੀ ਕਰ ਰਹੇ ਹਨ।

ਇਸ ਸਬੰਧੀ ਨਹਿਰੀ ਕਲੋਨੀ ਵੈਲਫੇਅਰ ਕਮੇਟੀ ਅੰਮ੍ਰਿਤਸਰ ਦੇ ਪ੍ਰਮੁੱਖ ਆਗੂਆਂ ਜਿਨ੍ਹਾਂ ਵਿੱਚ ਸਰਪ੍ਰਸਤ ਇੰਜੀ: ਸੁਰਿੰਦਰ ਮਹਾਜਨ, ਰਾਕੇਸ਼ ਕੁਮਾਰ ਬਾਬੋਵਾਲ,ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ, ਸਕੱਤਰ ਜਨਰਲ ਗੁਰਵੇਲ ਸਿੰਘ ਸੇਖੋਂ, ਵਿੱਤ ਸਕੱਤਰ ਨਿਸ਼ਾਨ ਸੰਧੂ,ਜਨਰਲ ਸਕੱਤਰ ਬਲਵਿੰਦਰ ਸਿੰਘ ਅਤੇ ਕੇਵਲ ਸਿੰਘ ਭਿੰਡਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਰੇਲਵੇ ਵਿਭਾਗ ਦੇ ਮੁਲਾਜ਼ਮਾ ਦੀ ਉਕਤ ਕੰਮਾਂ ਪ੍ਰਤੀ ਵਰਤੀ ਗਈ ਲਾਪ੍ਰਵਾਹੀ ਕਾਰਨ ਕਈ ਵਾਰ ਦੋ/ਚਾਰ ਪਹੀਆ ਲੋਕ ਇਹਨਾ ਟੋਇਆ ਵਿਚ ਡਿੱਗ ਕੇ ਸੱਟਾ ਲਗਵਾ ਚੁੱਕੇ ਹਨ। ਉਨਾਂ ਦੱਸਿਆ ਕਿ ਕਲੋਨੀ ਵਾਸੀਆ ਦੇ ਬੱਚੇ ਵੀ ਇਸੇ ਸੜਕ ਤੋਂ ਸਕੂਲ ਜਾਂਦੇ ਹਨ।ਅਜਿਹੇ ਹਲਾਤਾ ਕਾਰਨ ਕਿਸੇ ਵੇਲੇ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਜਦੋਂ ਕਿ ਇਸ ਸੰਬੰਧੀ ਵੈਲਫੇਅਰ ਕਮੇਟੀ ਦੇ ਮੈਬਰਾਂ ਵੱਲੋ ਇਲਾਕੇ ਦੇ ਇੰਚਾਰਜ ਕੁਲਦੀਪ ਸਿੰਘ ਆਈ.ਓ.ਡਬਲਯੂ ਨੂੰ ਫੋਨ ‘ ਤੇ ਕਈ ਵਾਰ ਇਸ ਮੁਸ਼ਕਲ ਤੋਂ ਜਾਣੂ ਕਰਵਾਇਆ ਗਿਆ ਹੈ, ਪ੍ਰੰਤੂ ਅਜੇ ਤੱਕ ਕੋਈ ਹਲ ਨਹੀਂ ਹੋਇਆ। ਉਕਤ ਵੈਲਫੇਅਰ ਕਮੇਟੀ ਦੇ ਮੈਬਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਣੀ ਨਾਲ ਭਰੇ ਟੋਇਆ ਕਾਰਨ ਡਿੱਗ ਕੇ ਕਿਸੇ ਕਲੋਨੀ ਵਾਸੀ ਦਾ ਕੋਈ ਜਾਨੀ-ਮਾਲੀ ਨੁਕਸਾਨ ਹੋਇਆ ਤਾਂ ਇਸ ਦੀ ਜਿੰਮੇਵਾਰੀ ਰੇਲਵੇ ਵਿਭਾਗ ਦੇ ਇਲਾਕਾ ਇੰਚਾਰਜ ਕੁਲਦੀਪ ਸਿੰਘ ਦੀ ਹੋਵੇਗੀ।

You May Also Like