ਰੱਖੜ ਪੁੰਨਿਆ ਦੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਈ ਟੀ ਓ ਵਲੋਂ ਮੀਟਿੰਗ

ਵਿਧਾਇਕਾਂ, ਚੇਅਰਮੈਨਾਂ ਅਤੇ ਹੋਰ ਅਹੁਦੇਦਾਰਾਂ ਨੇ ਕੀਤੀ ਸ਼ਮੂਲੀਅਤ

ਅੰਮਿ੍ਤਸਰ, 27 ਅਗਸਤ (ਰਾਜੇਸ਼ ਡੈਨੀ) – ਬਾਬਾ ਬਕਾਲਾ ਸਾਹਿਬ ਦੀ ਇਤਹਾਸਕ ਧਰਤੀ ਵਿਖੇ ਹਰ ਸਾਲ ਦੀ ਤਰਾਂ ਰੱਖੜ ਪੁੰਨਿਆ ਦੇ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਵਿਧਾਇਕ ਸਾਹਿਬਾਨਾਂ, ਪਾਰਟੀ ਵਰਕਰਾਂ, ਅਹੁਦੇਦਾਰਾਂ, ਚੇਅਰਮੈਨਾਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨਾਂ ਦੱਸਿਆ ਕਿ ਰਾਜ ਪੱਧਰੀ ਸਮਾਗਮ 31ਅਗਸਤ ਨੂੰ ਸਰਕਾਰੀ ਆਈ ਟੀ ਆਈ ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ ਮੁੱਖ ਮੰਤਰੀ ਸ ਭਗਵੰਤ ਮਾਨ ਵਿਸੇਸ ਤੌਰ ਉਤੇ ਸ਼ਿਰਕਤ ਕਰਨਗੇ। ਉਨ੍ਹਾਂ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਸਾਹਿਬਾਨ ਵੀ ਸਮਾਗਮ ਵਿੱਚ ਹਾਜ਼ਰ ਹੋਣਗੇ। ਉਨਾਂ ਸਾਰੇ ਪ੍ਰਬੰਧ ਸਮੇਂ ਸਿਰ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਇਸ ਵਾਰ ਪ੍ਰਬੰਧ ਸੰਗਤ ਦੀ ਸੰਭਾਵੀ ਆਮਦ ਨੂੰ ਮੁੱਖ ਰੱਖਕੇ ਕੀਤੇ ਜਾਣ।

ਉਨਾਂ ਇਸ ਮੌਕੇ ਮੇਲੇ ਲਈ ਆਉਣ ਵਾਲੀਆਂ ਸਾਰੀਆਂ ਸੰਪਰਕ ਸੜਕਾਂ ਦੀ ਮੁਰੰਮਤ ਕਰਨ, ਸੜਕਾਂ ਦੁਆਲਿਆਂ ਘਾਹ-ਬੂਟੀ ਵੱਢਣ, ਗਲੀਆਂ ਤੇ ਸੜਕਾਂ ਦੀ ਸਫਾਈ, ਵੱਖ-ਵੱਖ ਸੜਕਾਂ ‘ਤੇ ਵੱਡੀਆਂ ਪਾਰਕਿੰਗ ਬਨਾਉਣ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ, ਡਾਕਟਰੀ ਸਹਾਇਤਾ ਲਈ ਟੀਮਾਂ ਤਾਇਨਾਤ ਕਰਨ, ਮੱਛਰ ਮਾਰ ਦਵਾਈ ਦੀ ਸਪਰੇਅ ਕਰਵਾਉਣ, ਨਿਰੰਤਰ ਬਿਜਲੀ ਸਪਲਾਈ ਚਾਲੂ ਰੱਖਣ ਅਤੇ ਮੇਲੇ ਮੌਕੇ ਵਹੀਕਲਾਂ ਦੀ ਆਵਾਜਾਈ ਨਿਯਮਤ ਕਰਨ ਲਈ ਪਾਰਟੀ ਵਰਕਰਾਂ ਨੂੰ ਅੱਗੇ ਹੋ ਕੇ ਸੇਵਾ ਕਰਨ ਲਈ ਕਿਹਾ। ਉਨਾਂ ਕਿਹਾ ਕਿ ਮੇਲੇ ਮੌਕੇ ਸੰਗਤ ਨੂੰ ਕਿਸੇ ਤਰਾਂ ਦੀ ਮੁਸ਼ਿਕਲ ਨਹੀਂ ਆਉਣ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ ਦਲਬੀਰ ਸਿੰਘ ਟੋਂਗ਼, ਵਿਧਾਇਕਾ ਸ੍ਰੀ ਮਤੀ ਜੀਵਨਜੋਤ ਕੌਰ, ਵਿਧਾਇਕ ਸ ਮਨਜਿੰਦਰ ਸਿੰਘ ਲਾਲਪੁਰਾ, ਵਿਧਾਇਕ ਸ ਸਰਵਣ ਸਿੰਘ ਧੰਨ, ਸ ਜਗਰੂਪ ਸਿੰਘ ਸੇਖਵਾਂ ਪੰਜਾਬ ਜਨਰਲ ਸਕੱਤਰ,ਗੁਰਦੇਵ ਸਿੰਘ ਲਾਖਣਾ ਚੈਅਰਮੈਨ, ਜਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਸ ਜਸਪ੍ਰੀਤ ਸਿੰਘ, ਚੇਅਰਮੈਨ ਸ੍ਰੀ ਅਸ਼ੋਕ ਤਲਵਾਰ ਤੋਂ ਇਲਾਵਾ ਡੇਰਾ ਬਾਬਾ ਨਾਨਕ, ਮਜੀਠਾ, ਦੀਨਾਨਗਰ ਤੋਂ ਪਾਰਟੀ ਦੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

You May Also Like