ਲੁਧਿਆਣਾ ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਫਾਇਰਿੰਗ, ਵਿੱਕੀ ਨਾਂਮ ਦੇ ਗੈਂਗਸਟਰ ਦੀ ਹੋਈ ਮੌਤ

ਲੁਧਿਆਣਾ, 13 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਗੈਂਗਸਟਰ ਸੁਖਦੇਵ ਉਰਫ ਵਿੱਕੀ ਬੁਧਵਾਰ ਸ਼ਾਮ ਨੂੰ ਲੁਧਿਆਣਾ ‘ਚ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ। ਵਿੱਕੀ ਅਪਣੇ ਸਾਥੀਆਂ ਨਾਲ ਮਿਲ ਕੇ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਬੁਧਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਲੁਧਿਆਣਾ ਇਲਾਕੇ ‘ਚ ਘੁੰਮ ਰਿਹਾ ਹੈ।

ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਜਦੋਂ ਉਹ ਕੋਹਾੜਾ-ਮਾਛੀਵਾੜਾ ਰੋਡ ’ਤੇ ਪਿੰਡ ਪੰਜੇਟਾ ਨੇੜੇ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਪੁਲਿਸ ਉਸ ਦੇ ਪਿੱਛੇ ਹੈ। ਉਸ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ। ਪੁਲਿਸ ਟੀਮ ਦੀਆਂ ਗੋਲੀਆਂ ਲੱਗਣ ਕਾਰਨ ਗੈਂਗਸਟਰ ਵਿੱਕੀ ਦੀ ਸੜਕ ‘ਤੇ ਹੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੈਂਗਸਟਰ 20 ਤੋਂ ਵੱਧ ਮਾਮਲਿਆਂ ਵਿਚ ਲੋੜੀਂਦਾ ਸੀ।

ਇਹ ਵੀ ਖਬਰ ਪੜੋ : ਕਪੂਰਥਲਾ ਦੇ ਨੌਜਵਾਨ ਦੀ ਆਸਟ੍ਰੇਲੀਆ ਚ ਸੜਕ ਹਾਦਸੇ ਦੌਰਾਨ ਮੌਤ

ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗੈਂਗਸਟਰ ਵਿੱਕੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦਸਿਆ ਕਿ ਇਹ 4 ਵਿਅਕਤੀਆਂ ਦਾ ਗੈਂਗ ਸੀ। ਇਹ ਲੋਕ ਲੰਬੇ ਸਮੇਂ ਤੋਂ ਇਸ ਖੇਤਰ ਵਿਚ ਸਰਗਰਮ ਸਨ। ਉਸ ਨੇ ਸ਼ਰਾਬ ਦੇ ਠੇਕੇਦਾਰ, ਕੈਮਿਸਟ ਅਤੇ ਮਨੀ ਐਕਸਚੇਂਜਰ ਨੂੰ ਗੋਲੀ ਮਾਰੀ ਸੀ। ਉਦੋਂ ਤੋਂ ਹੀ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਅੱਜ ਉਨ੍ਹਾਂ ਬਾਰੇ ਜਾਣਕਾਰੀ ਮਿਲੀ। ਜਦੋਂ ਪੁਲਿਸ ਨੇ ਗੈਂਗਸਟਰ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿਤੀ। 14 ਦਿਨ ਪਹਿਲਾਂ ਵੀ ਲੁਧਿਆਣਾ ‘ਚ ਕਾਰੋਬਾਰੀ ਸੰਭਵ ਜੈਨ ਦੇ ਅਗਵਾ ਮਾਮਲੇ ‘ਚ ਭਗੌੜੇ ਦੋ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਸੀ। ਜਿਸ ਵਿਚ ਦੋਵੇਂ ਗੈਂਗਸਟਰ ਮਾਰੇ ਗਏ। ਇਸ ਤੋਂ ਇਲਾਵਾ ਮੁਕਾਬਲੇ ਵਿਚ ਏਐਸਆਈ ਵੀ ਜ਼ਖ਼ਮੀ ਹੋਇਆ ਸੀ। ਮਾਰੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਉਰਫ ਸੰਜੂ ਅਤੇ ਸ਼ੁਭਮ ਗੋਪੀ ਵਜੋਂ ਹੋਈ ਸੀ। ਦੋਵੇਂ ਬਾਮਨ ਗੈਂਗ ਦੇ ਗੈਂਗਸਟਰ ਸਨ।

You May Also Like