ਲੁਧਿਆਣਾ ਚ 8ਵੀਂ ਜਮਾਤ ਦੀ ਵਿਦਿਆਰਥਣ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਜਾਣੋ ਪੂਰਾ ਮਾਮਲਾ

ਲੁਧਿਆਣਾ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਇਕ ਨਿੱਜੀ ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਨੇ 6 ਦਿਨ ਪਹਿਲਾਂ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿਤੀ ਸੀ। ਵਿਦਿਆਰਥੀ ਦੀ ਕਮਰ ਅਤੇ ਰੀੜ੍ਹ ਦੀ ਹੱਡੀ ਟੁੱਟ ਗਈ। ਵਿਦਿਆਰਥਣ ਸੋਨੀਆ (ਕਾਲਪਨਿਕ) ਦੇ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਕੂਲ ਪ੍ਰਸ਼ਾਸਨ ਖਿਲਾਫ ਧਰਨਾ ਦਿੱਤਾ। ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਵਿਦਿਆਰਥਣ ਦਾ ਪਰਿਵਾਰ ਉਨ੍ਹਾਂ ਕੋਲ ਸ਼ਿਕਾਇਤ ਲੈ ਕੇ ਆਇਆ ਸੀ। ਉਸ ਨੇ ਦੱਸਿਆ ਸੀ ਕਿ ਕਰੀਬ 6 ਦਿਨ ਪਹਿਲਾਂ ਵਿਦਿਆਰਥਣ ਦੇ ਮੱਥੇ ਅਤੇ ਬਾਹਾਂ ‘ਤੇ ‘ਚੋਰ’ ਲਿਖ ਕੇ ਸਕੂਲ ਪ੍ਰਸ਼ਾਸਨ ਵੱਲੋਂ ਉਸ ਨੂੰ ਘੁੰਮਾਇਆ ਗਿਆ। ਇਸ ਕਾਰਨ ਵਿਦਿਆਰਥਣ ਮਾਨਸਿਕ ਦਬਾਅ ਵਿਚ ਆ ਗਈ।

ਤਣਾਅ ਕਾਰਨ ਉਸ ਨੇ ਸਕੂਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀ ਦੇ ਇਲਾਜ ਲਈ ਪਰਿਵਾਰ ਨੂੰ ਕਰੀਬ ਡੇਢ ਲੱਖ ਰੁਪਏ ਦਿਤੇ ਸਨ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥਣ ਦਾ ਹਾਲ ਵੀ ਨਹੀਂ ਜਾਣਿਆ। ਧਰਨੇ ਵਿਚ ਸਮਾਜ ਸੇਵੀ ਗੁਰਪ੍ਰੀਤ ਤੇ ਲੱਕੀ ਕਪੂਰ ਪੁੱਜੇ। ਥਾਣਾ ਡਾਬਾ ਦੀ ਪੁਲੁਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਵਿਦਿਆਰਥਣ ਦੇ ਪਿਤਾ ਨੂੰ ਧਮਕੀਆਂ ਦੇ ਰਿਹਾ ਹੈ। ਉਸ ਨੇ ਵਿਦਿਆਰਥਣ ਦੇ ਪਿਤਾ ਨੂੰ ਇਕ ਕੋਰੇ ਕਾਗਜ਼ ‘ਤੇ ਦਸਤਖਤ ਵੀ ਕਰਵਾ ਦਿੱਤੇ। ਸਕੂਲ ਪ੍ਰਸ਼ਾਸਨ ਵਲੋਂ ਬੱਚਿਆਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਗਲਤ ਹੈ। ਸਿੱਖਿਆ ਵਿਭਾਗ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

You May Also Like