ਲੁਧਿਆਣਾ, 17 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸਤਲੁਜ ਦਰਿਆ ’ਚੋਂ ਰੇਤੇ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਲੁਧਿਆਣਾ ਦੇਹਾਤ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸਿੱਧਵਾ ਬੇਟ ਥਾਣੇ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਹੈ। ਇੰਸਪੈਕਟਰ ਦਲਜੀਤ ਸਿੰਘ ਨੇ ਨਾਜਾਇਜ਼ ਮਾਈਨਿੰਗ ਕਰਦੇ ਫੜੇ ਗਏ ਟਰੱਕ ਨੂੰ ਛੱਡ ਦਿੱਤਾ ਸੀ।ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਹਾਲ ਹੀ ਵਿੱਚ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਸਤਲੁਜ ਦਰਿਆ ਵਿੱਚੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਟਿੱਪਰ ਨੂੰ ਕਾਬੂ ਕਰਕੇ ਥਾਣਾ ਸਿੱਧਵਾ ਬੇਟ ਪੁਲਸ ਹਵਾਲੇ ਕਰ ਦਿੱਤਾ ਸੀ।
ਇਹ ਵੀ ਖਬਰ ਪੜੋ : ਮੁਕੇਰੀਆਂ ‘ਚ ਵਾਪਰੇ ਭਿਆਨਕ ਸੜਕ ਹਾਦਸੇ ਚ 4 ਪੁਲਿਸ ਮੁਲਾਜ਼ਮਾਂ ਦੀ ਮੌਤ
ਪਰ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲਸ ਦੇ ਹਵਾਲੇ ਕੀਤੇ ਟਿੱਪਰ ਨੂੰ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਛੱਡ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੀ ਸ਼ਿਕਾਇਤ ਲੁਧਿਆਣਾ ਦੇਹਾਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਸੀ। ਜਾਂਚ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਸਹੀ ਪਾਈ ਗਈ। ਇਸ ’ਤੇ ਕਾਰਵਾਈ ਕਰਦਿਆਂ ਲੁਧਿਆਣਾ ਦੇਹਾਤ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੂੰ ਮੁਅੱਤਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇ ਦੇ ਖਿਲਾਫ ਹੁਣ ਤੱਕ ਆਈਆਂ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਦੇ ਨਾਲ-ਨਾਲ ਪੁਲਸ ਵਿਭਾਗ ਨੇ ਕਈ ਪੁਰਾਣੀਆਂ ਫਾਈਲਾਂ ਦੀ ਵੀ ਜਾਂਚ ਕੀਤੀ ਹੈ।