ਜ਼ਬਰ ਨਹੀਂ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ ਆਪ ਸਰਕਾਰ – ਮੋਰਚਾ ਆਗੂ
ਲੁਧਿਆਣਾ 24 ਅਗਸਤ (ਹਰਮਿੰਦਰ ਮੱਕੜ) – ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ,ਬਲਿਹਾਰ ਸਿੰਘ ਕਟਾਰੀਆ,ਪਵਨਦੀਪ ਸਿੰਘ,ਸ਼ੇਰ ਸਿੰਘ ਖੰਨਾ, ਸਿਮਰਨਜੀਤ ਸਿੰਘ ਨੀਲੋਂ,ਸੁਰਿੰਦਰ ਕੁਮਾਰ,ਜਸਪ੍ਰੀਤ ਸਿੰਘ ਗਗਨ ਅਤੇ ਜਗਸੀਰ ਸਿੰਘ ਭੰਗੂ ਨੇ ਲੌਂਗੋਵਾਲ ਵਿਖੇ ਆਪ ਸਰਕਾਰ ਦੀ ਸ਼ਹਿ ਤੇ ਪੁਲਿਸ ਪ੍ਰਸ਼ਾਸਨ ਵੱਲੋੰ ਹੱਕ ਮੰਗਦੇ ਕਿਸਾਨਾਂ ਤੇ ਕੀਤੇ ਅੰਨ੍ਹੇਵਾਹ ਜ਼ਬਰ ਦੀ ਸ਼ਖਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਲੋਕ-ਹਿਤੈਸ਼ੀ ਕਹਾਉਣ ਵਾਲੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ,ਆਪ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਦਾ ਹੋਕਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕਿਸੇ ਵੀ ਵਰਗ ਨੂੰ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਟੈਂਕੀਆਂ ਤੇ ਚੜਨ,ਧਰਨੇ-ਮੁਜ਼ਾਹਰੇ ਅਤੇ ਸੜਕਾਂ ਜਾਮ ਕਰਨ ਦੀ ਲੋੜ ਨਹੀਂ ਪੈਣੀ ਅਤੇ ਸੰਘਰਸ਼ ਕਰਦੇ ਲੋਕਾਂ ਤੇ ਪਾਣੀ ਦੀਆਂ ਬੁਛਾੜਾਂ ਨਹੀਂ ਵੱਜਣਗੀਆਂ,ਪੱਗਾਂ ਅਤੇ ਚੁੰਨੀਆਂ ਨਹੀਂ ਲੱਥਣਗੀਆਂ ਅਤੇ ਨਾ ਹੀ ਲਾਠੀਚਾਰਜ਼ ਹੋਵੇਗਾ ਅਤੇ ਸਰਕਾਰ ਪਿੰਡਾਂ ਦੀਆਂ ਸੱਥਾਂ-ਮੁਹੱਲਿਆਂ ਚੋਂ ਚੱਲੇਗੀ ਅਤੇ ਲੋਕਾਂ ਦੇ ਮਸਲੇ ਪਿੰਡਾਂ-ਸ਼ਹਿਰਾਂ ਵਿੱਚ ਜਾਕੇ ਮੀਟਿੰਗਾਂ ਰਾਹੀਂ ਹੱਲ ਕੀਤੇ ਜਾਣਗੇ,ਪਰ ਅੱਜ ਜਦੋਂ ਵੀ ਕਿਸੇ ਵਰਗ ਵੱਲੋੰ ਆਪਣੀਆਂ ਮੰਗਾਂ ਨੂੰ ਲੈਕੇ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕੀਤਾ ਜਾਂਦਾ ਹੈ ਤਾਂ ਪਿਛਲੀਆਂ ਸਰਕਾਰਾਂ ਦੀ ਤਰਾਂ ਹੀ ਓਹੀ ਪਾਣੀ ਦੀਆਂ ਬੁਛਾੜਾਂ ਅਤੇ ਅੰਨ੍ਹੇਵਾਹ ਜ਼ਬਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬੱਸ ਕੁੱਝ ਨਹੀਂ ਬਦਲਿਆ ਜੇ ਕੁੱਝ ਬਦਲਿਆ ਹੈ ਤਾਂ ਧਰਨਿਆਂ ਦਾ ਸਥਾਨ,ਵਿਧਾਇਕਾਂ ਦੇ ਚਿਹਰੇ ਅਤੇ ਪੱਗਾਂ ਦਾ ਰੰਗ ਹੀ ਬਦਲਿਆ ਹੈ,ਮੋਰਚੇ ਦੇ ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਲਿਸ ਦੇ ਜ਼ਬਰ ਨਾਲ਼ ਸੰਘਰਸਾਂ ਨੂੰ ਕੁਚਲਣ ਦੀ ਥਾਂ ਕਿਸਾਨਾਂ-ਮਜ਼ਦੂਰਾਂ ਦੀਆਂ ਸਮੂਹ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ!