ਮਲੋਟ, 4 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਵਿਜੀਲੈਂਸ ਬਿਉੂਰੋ ਰੇਂਜ ਬਠਿੰਡਾ ਵੱਲੋ ਮਾਲ ਪਟਵਾਰੀ ਨਰਿੰਦਰ ਕੁਮਾਰ ਹਲਕਾ ਮਲੋਟ ਨੂੰ 3 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਸੁਰਜੀਤ ਸਿੰਘ ਪੁੱਤਰ ਮਾਹਲਾ ਸਿੰਘ ਵਾਸੀ ਪਿੰਡ ਮਲੋਟ, ਤਹਿ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜੋ : ਕੈਬਨਿਟ ਮੰਤਰੀ ਈ.ਟੀ.ਓ. ਨੇ 27 ਕਰੋੜ ਰੁਪਏ ਦੇ ਸੜ੍ਹਕੀ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਸੁਰਜੀਤ ਸਿੰਘ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਹਲਕੇ ਦੇ ਪਟਵਾਰੀ ਨਰਿੰਦਰ ਕੁਮਾਰ ਉਰਫ ਨੀਟਾ ਨੇ ਉਸ ਪਾਸੋਂ ਇੰਤਕਾਲ ਦਰਜ ਕਰਨ ਅਤੇ ਮਨਜੂਰ ਕਰਵਾਉਣ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਵਿਜੀਲੈਂਸ ਨੇ ਅੱਜ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 10 ਹਜ਼ਾਰ ਦੀ ਰਕਮ ’ਚੋਂ ਬਾਕੀ ਰਹਿੰਦੇ ਤਿੰਨ ਹਜ਼ਾਰ ਰੁਪਏ ਲੈਂਦਿਆਂ ਪਟਵਾਰੀ ਨੂੰ ਮੌਕੇ ‘ਤੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧ ਵਿੱਚ ਉੱਕਤ ਮੁਲਸ਼ਮ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।