ਵਿਜੀਲੈਂਸ ਵੱਲੋਂ ਪਨਗ੍ਰੇਨ ਦੇ ਦੋ ਇੰਸਪੈਕਟਰਾਂ ਅਤੇ 3 ਕਮਿਸ਼ਨ ਏਜੰਟਾਂ ਖਿਲਾਫ ਕੇਸ ਦਰਜ

ਚੰਡ੍ਹੀਗੜ੍ਹ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਵੱਡਾ ਐਕਸ਼ਨ ਲਿਆ ਹੈ। ਇਸ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਵਿਚ ਆਉਣ ਵਾਲੇ ਚਾਰ ਗੋਦਾਮਾਂ ਵਿਚ ਸਾਲ 2018-19 ਦੇ ਖਰੀਦ ਸੀਜਨ ਦੌਰਾਨ ਕਣਕ ਦੇ ਸਟਾਕ ਵਿਚ ਹੇਰਾਫੇਰੀ ਲਈ ਜ਼ਿਲ੍ਹਾ ਖਾਧ ਤੇ ਨਾਗਰਿਕ ਸਪਲਾਈ ਕੰਟਰੋਲਰ, ਪਨਗ੍ਰੇਨ ਦੇ ਦੋ ਇੰਸਪੈਕਟਰਾਂ ਤੇ ਤਿੰਨ ਕਮਿਸ਼ਨ ਏਜੰਟਾਂ ਖਿਲਾਫ ਕੇਸ ਦਰਜ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਉਨ੍ਹਾਂ ਵਿਚ ਡੀਐੱਫਐੱਸਸੀ ਫਿਰੋਜ਼ਪੁਰ ਬਲਰਾਜ ਸਿੰਘ (ਹੁਣ ਸੇਵਾਮੁਕਤ), ਇੰਸਪੈਕਟਰ ਪਨਗ੍ਰੇਨ ਸੁਰੇਸ਼ ਕੁਮਾਰ ਇੰਚਾਰਜ ਖਰੀਦ ਕੇਂਦਰ ਫਿਰੋਜਸ਼ਾਹ, ਇੰਸਪੈਕਟਰ ਬਲਰਾਜ ਸਿੰਘ ਗੋਦਾਮ ਇੰਚਾਰਜ ਪਿੰਡ ਲੱਲੇ, ਹਰਾਜ ਤੇ ਤਲਵੰਡੀ ਭਾਈ, ਹੈਪੀ ਕਮਿਸ਼ਨ ਏਜੰਟਸ ਦੇ ਮਾਲਕ ਹਰਦੇਵ ਸਿੰਘ, ਧਾਲੀਵਾਲ ਟ੍ਰੇਡਿੰਗ ਕੰਪਨੀ ਦੇ ਮਾਲਕ ਪਵਨ ਕੁਮਾਰ ਤੇ ਗਿੱਲ ਟ੍ਰੇਡਿੰਗ ਕੰਪਨੀ ਦੇ ਮਾਲਕ ਇਕਬਾਲ ਸਿੰਘ ਸ਼ਾਮਲ ਹਨ। ਭ੍ਰਿਸ਼ਟਾਚਾਰ ਰੋਕੂ ਨਿਯਮ ਤਹਿਤ ਧਾਰਾ 13 (1) ਏ ਤੇ 13 (2) ਤੇ ਆਈਪੀਸੀ ਦੀ ਧਾਰਾ 409, 420, 467, 468, 471, 120ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ।

ਦੱਸ ਦੇਈਏ ਕਿ ਪਨਗਰੇਨ ਵੱਲੋਂ 2018-19 ਦੇ ਖਰੀਦ ਸੀਜਨ ਦੌਰਾਨ ਤਲਵੰਡੀ ਭਾਈ, ਵਾੜਾ ਭਾਈ ਘੱਲ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਦੇ ਕੇਂਦਰਾਂ ਤੋਂ ਕਣਕ ਖਰੀਦ ਕੇ ਪਿੰਡ ਲੱਲੇ, ਹਰਾਜ ਤੇ ਤਲਵੰਡੀ ਭਾਈ ਸਥਿਤ ਪਨਗ੍ਰੇਨ ਦੇ ਗੋਦਾਮਾਂ ਵਿਚ ਸਟੋਰ ਕੀਤੀ ਗਈ ਸੀ ਜਿਥੇ ਇਸ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਇੰਸਪੈਕਟਰ ਬਲਰਾਜ ਸਿੰਘ ਕੋਲ ਸੀ। ਜਾਂਚ ਦੌਰਾਨ ਦੇਖਿਆ ਗਿਆ ਕਿ ਰਜਿਸਟਰਡ ਸਟਾਕ ਵਿਚ 50 ਕਿਲੋ ਵਜ਼ਨ ਵਾਲੀਆਂ 10716 ਬੋਰੀਆਂ ਗਾਇਬ ਸਨ ਜਦੋਂ ਕਿ 30 ਕਿਲੋ ਭਾਰ ਵਾਲੀਆਂ 60 ਬੋਰੀਆਂ ਉਥੇ ਪਾਈਆਂ ਗਈਆਂ। ਇਸ ਤੋਂ ਇਲਾਵਾ ਗੋਦਾਮ ਵਿਚ ਕਣਕ ਦੀਆਂ ਜ਼ਿਆਦਾਤਰ ਬੋਰੀਆਂ ਦਾ ਭਾਰ ਨਿਰਧਾਰਤ ਮਾਤਰਾ ਤੋਂ ਘੱਟ ਦੇਖਿਆ ਗਿਆ।

ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਪਿੰਡ ਫਿਰੋਜਸ਼ਾਹ ਦੇ ਹੈਪੀ ਕਮਿਸ਼ਨ ਏਜੰਟ, ਧਾਲੀਵਾਲ ਟ੍ਰੇਡਿੰਗ ਕੰਪਨੀ ਤੇ ਗਿੱਲ ਟ੍ਰੇਡਿੰਗ ਕੰਪਨੀ ਦੇ ਮਾਲਕਾਂ ਨੇ ਪਿੰਡ ਲੱਲੇ ਵਿਚ ਸ਼ਿਵਮ ਐਂਟਰਪ੍ਰਾਈਜਿਜ਼ ਫਰਮ ਵਿਚ ਪਨਗ੍ਰੇਨ ਦੇ ਗੋਦਾਮ ਦੇ ਨਿਗਰਾਨੀ ਇੰਸਪੈਕਟਰ ਬਲਰਾਜ ਸਿੰਘ ਨਾਲ ਮਿਲੀਭੁਗਤ ਕਰਕੇ ਕਣਕ ਦੀਆਂ 13134 ਬੋਰੀਆਂ ਦੀ ਖਰੀਦ ਸਬੰਧੀ ਝੂਠੀ ਰਿਪੋਰਟ ਤਿਆਰ ਕੀਤੀ। ਇਸ ਖਰੀਦ ਨਾਲ ਸਬੰਧਤ ਅਦਾਇਗੀਆਂ ਉਪਰੋਕਤ ਆੜ੍ਹਤੀਆਂ ਦੇ ਬੈਂਕ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੀਆਂ। ਅਦਾਇਗੀਆਂ ਉਪਰੋਕਤ ਆੜ੍ਹਤੀਆਂ ਦੇ ਬੈਂਕ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੀ। ਇਸ ਦੇ ਬਾਅਦ ਜਦੋਂ ਘਪਲਾ ਸਾਹਮਣੇ ਆਇਆ ਤਾਂ ਧਾਲੀਵਾਲ ਟ੍ਰੇਡਿੰਗ ਕੰਪਨੀ ਨੇ ਬਿਨਾਂ ਕਿਸੇ ਗੇਟ ਕੋਲ 25 ਤੋਂ 27 ਮਈ 2018 ਦਰਮਿਆਨ ਕਣਕ ਦੀਆਂ 2200 ਬੋਰੀਆਂ ਉਕਤ ਸ਼ਿਵਮ ਐਂਟਰਪ੍ਰਾਈਜ਼ਿਜ਼ ਵਿਚ ਬਣਾਏ ਗੋਦਾਮ ਵਿਚ ਜਮ੍ਹਾ ਕਰਵਾ ਦਿੱਤੀ। ਬੁਲਾਰੇ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ 21.5.2018 ਨੂੰ ਸਹਾਇਕ ਖਾਧ ਤੇ ਨਾਗਰਿਕ ਸਪਲਾਈ ਅਫਸਰ ਨੇ ਪਿੰਡ ਫਿਰੋਜਸ਼ਾਹ ਦੀ ਅਨਾਜ ਮੰਡੀ ਦਾ ਨਿਰੀਖਣ ਕੀਤਾ ਸੀ ਤਾਂ ਉਸ ਸਮੇਂ ਉਸ ਮੰਡੀ ਵਿਚ ਕਣਕ ਦੀ ਬੋਰੀ ਹੀ ਨਹੀਂ ਸੀ।

You May Also Like