ਵੱਧ ਨਮੀ ਵਾਲੀ ਕਣਕ ਮੰਡੀਆਂ ਵਿਚ ਆਉਣ ਤੋਂ ਰੋਕੀ ਜਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 23 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਕਣਕ ਦੀ ਖਰੀਦ ਨੂੰ ਲੈ ਕੇ ਜਿਲੇ ਭਰ ਵਿਚ ਲਗਾਤਾਰ ਅਧਿਕਾਰੀਆਂ ਨਾਲ ਤਾਲਮੇਲ ਰੱਖ ਰਹੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ, ਕਿਉਂਕਿ ਦਾਣੇ ਵਿਚ ਵੱਧ ਨਮੀ ਮਿਲਣ ਨਾਲ ਖਰੀਦ ਏਜੰਸੀਆਂ ਵਾਸਤੇ ਖਰੀਦ ਕਰਨੀ ਸੰਭਵ ਨਹੀਂ ਹੁੰਦੀ, ਜਿਸ ਕਾਰਨ ਕਿਸਾਨ ਨੂੰ ਕਣਕ ਸੁੱਕਣ ਦਾ ਇੰਤਜ਼ਾਰ ਮੰਡੀ ਵਿਚ ਬੈਠ ਕੇ ਕਰਨਾ ਪੈਂਦਾ ਹੈ। ਇਸ ਨਾਲ ਇਕ ਤਾਂ ਕਿਸਾਨ ਦੀ ਖੱਜ਼ਲ ਖੁਆਰੀ ਹੁੰਦੀ ਹੈ, ਦੂਸਰਾ ਮੰਡੀ ਵਿਚ ਥਾਂ ਰੁੱਝਿਆ ਰਹਿੰਦਾ ਹੈ, ਜੋ ਕਿ ਹੋਰ ਫਸਲ ਦੀ ਖਰੀਦ ਵਿਚ ਵਿਘਨ ਪਾਉਂਦਾ ਹੈ। ਅੱਜ ਕਣਕ ਦੀ ਖਰੀਦ ਸਬੰਧੀ ਐਸ ਡੀ ਐਮ, ਜ਼ਿਲਾ ਖੁਰਾਕ ਸਪਲਾਈ ਕੰਟਰੋਲਰ, ਜਿਲਾ ਮੰਡੀ ਅਫਸਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸ੍ਰੀ ਥੋਰੀ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ।
ਕਿਸਾਨ ਖੱਜ਼ਲ-ਖੁਆਰੀ ਤੋਂ ਬਚਣ ਲਈ ਸੁੱਕੀ ਕਣਕ ਹੀ ਮੰਡੀ ਵਿਚ ਲਿਆਉਣ
May be an image of 6 people, people studying and text
ਇਸ ਮੌਕੇ ਮੰਡੀ ਅਧਿਕਾਰੀ ਸ. ਅਮਨਦੀਪ ਸਿੰਘ ਨੇ ਦੱਸਿਆ ਕਿ ਇਕ ਤਾਂ ਬਰਸਾਤ ਘੱਟ ਸੀ ਦੂਸਰਾ ਕਣਕ ਤਰਪਾਲਾਂ ਨਾਲ ਢੱਕੀ ਹੋਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਉਨਾਂ ਦੱਸਿਆ ਕਿ ਅੱਜ ਮੁੜ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ, ਪਰ ਕਈ ਸਥਾਨਾਂ ਉਤੇ ਦਾਣੇ ਵਿਚ ਨਮੀ 12 ਫੀਸਦੀ ਤੋਂ ਵੱਧ ਹੋਣ ਕਾਰਨ ਖਰੀਦ ਨਹੀਂ ਹੋ ਸਕੀ। ਉਨਾਂ ਦੱਸਿਆ ਕਿ ਮੰਡੀਆਂ ਵਿਚ ਗੇਟ ਉਤੇ ਨਮੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਵੀ ਟਰਾਲੀ ਵਿਚ ਵੱਧ ਨਮੀ ਵਾਲੀ ਕਣਕ ਮਿਲਦੀ ਹੈ, ਉਸ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਰਸਾਤ ਕਾਰਨ ਨਮੀ ਆਮ ਨਾਲੋਂ ਵੱਧੀ ਹੈ, ਸੋ ਉਹ ਕਣਕ ਦੀ ਕਟਾਈ ਵੇਲੇ ਦਾਣੇ ਦੀ ਨਮੀ ਦਾ ਜ਼ਰੂਰ ਧਿਆਨ ਰੱਖਣ। ਉਨਾਂ ਕਿਹਾ ਕਿ ਅਸੀਂ ਤੁਹਾਡੀ ਫਸਲ ਦਾ ਇਕ ਇਕ ਦਾਣਾ ਖਰੀਦਣ ਲਈ ਪਾਬੰਦ ਹਾਂ, ਸੋ ਕਿਸੇ ਵੀ ਤਰਾਂ ਦੀ ਕਾਹਲੀ ਦੀ ਲੋੜ ਨਹੀਂ ਹੈ।

You May Also Like