ਅੰਮ੍ਰਿਤਸਰ, 9 ਸਤੰਬਰ (ਰਾਜੇਸ਼ ਡੈਨੀ) – ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ 13 ਸਤੰਬਰ ਨੂੰ ਅੰਮ੍ਰਿਤਸਰ ਤੋਂ ਪੰਜਾਬ ਦੇ ਸਿੱਖਿਆ ਖੇਤਰ ਵਿਚ ਇਨਕਲਾਬੀ ਤਬਦੀਲੀ ਲਿਆਉਣ ਲਈ ਵੱਡੇ ਉਦਮਾਂ ਦੀ ਸ਼ੁਰੂਆਤ ਕਰਨਗੇ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀ ਇਸ ਸਮਾਗਮ ਵਿੱਚ ਪਹੁੰਚ ਕੇ ਇਤਹਾਸ ਮੌਕੇ ਦੇ ਗਵਾਹ ਬਣਨਗੇ। ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਜੰਡਿਆਲਾ ਹਲਕੇ ਦੇ ਮੋਹਤਬਰਾਂ ਨਾਲ ਮੀਟਿੰਗ ਕਰਦੇ ਕੀਤਾ। ਉਨ੍ਹਾਂ ਕਿਹਾ ਕਿ ਇਸ ਰਾਜ ਪੱਧਰੀ ਸਮਾਗਮ ਲਈ ਜੰਡਿਆਲਾ ਹਲਕੇ ਤੋਂ 100 ਬੱਸਾਂ ਦਾ ਕਾਫਲਾ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਇਸ ਦਿਨ ਸਕੂਲ ਆਫ ਐਮੀਨੈਂਸ, ਸਕੂਲਾਂ ਵਿਚ ਪੜਨ ਵਾਲੇ ਬੱਚਿਆਂ ਲਈ ਟਰਾਂਸਪੋਰਟ ਸੇਵਾ, ਸਕੂਲਾਂ ਵਿਚ ਸੁਰੱਖਿਆ ਕਰਮੀ ਤੇ ਹੋਰ ਸੇਵਾਵਾਂ ਪੰਜਾਬ ਦੇ ਬੱਚਿਆਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ, ਜੋ ਕਿ ਪੰਜਾਬ ਦਾ ਭਵਿੱਖ ਹਨ।
ਇਸ ਪ੍ਰੋਗਰਾਮ ਦੀਆਂ ਤਿਆਰੀਆਂ ਲਈ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਸ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਕੈਬਨਿਟ ਦੇ ਸਾਰੇ ਵਜੀਰ, ਵਿਧਾਇਕ ਸਹਿਬਾਨ ਤੇ ਹੋਰ ਆਗੂ ਵੀ ਹਾਜ਼ਰ ਹੋਣਗੇ। ਉਨਾਂ ਦੱਸਿਆ ਕਿ ਛੇਹਰਟਾ ਸਥਿਤ ਸਕੂਲ ਆਫ ਐਮੀਨੈਂਸ ਪੰਜਾਬ ਦਾ ਪਹਿਲਾ ਅਜਿਹਾ ਸਕੂਲ ਬਣਨ ਜਾ ਰਿਹਾ ਹੈ, ਜੋ ਕਿ ਮਾਣ ਵਾਲੀ ਗੱਲ ਹੈ। ਸ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਉਪਰੰਤ ਮੁੱਖ ਮੰਤਰੀ ਸ ਭਗਵੰਤ ਮਾਨ ਰਣਜੀਤ ਐਵੀਨਿਊ ਵਿਖੇ ਹੋਣ ਵਾਲੇ ਵੱਡੇ ਸਮਾਗਮ ਵਿਚ ਸਕੂਲ ਸਿੱਖਿਆ ਲਈ ਵੱਡੀਆਂ ਸੇਵਾਵਾਂ ਪੰਜਾਬ ਦੀ ਜਨਤਾ ਨੂੰ ਸਮਰਪਿਤ ਕਰਨਗੇ। ਉਨਾਂ ਦੱਸਿਆ ਕਿ ਇਸ ਸਮਾਗਮ ਵਿਚ 40-50 ਹਜ਼ਾਰ ਲੋਕਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ ਅਤੇ ਇਸ ਗਿਣਤੀ ਨੂੰ ਧਿਆਨ ਵਿਚ ਰੱਖਕੇ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।