ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੰਜਾਬ ਵਿਚੋਂ ਵਿਦਿਆਰਥੀਆਂ ਦਾ ਵੱਡੀ ਪੱਧਰ ਤੇ ਪਰਵਾਸ ਕਰ ਜਾਣ ਤੇ ਚਿੰਤਾ ਪ੍ਰਗਟ ਕੀਤੀ
ਅੰਮ੍ਰਿਤਸਰ, 14 ਸਤੰਬਰ (ਅਮਰੀਕ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੰਜਾਬ ਵਿਚੋਂ ਵਿਦਿਆਰਥੀਆਂ ਦਾ ਵੱਡੀ ਪੱਧਰ ਤੇ ਪਰਵਾਸ ਕਰ ਜਾਣ ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਛੋਟੀ ਉਮਰੇ ਵਿਦਿਆਰਥੀਆਂ ਦਾ ਵਿਦੇਸ਼ ਜਾਣਾ ਬੱਚਿਆਂ ਵਾਸਤੇ ਮੁਸ਼ਕਿਲਾਂ ਪੈਦਾ ਕਰਦਾ ਹੈ ਅਤੇ ਮਾਪਿਆਂ ਵਾਸਤੇ ਵੀ ਕਾਫ਼ੀ ਮਹਿੰਗਾ ਸੌਦਾ ਹੈ। ਉਨ੍ਹਾਂ ਕਿਹਾ ਕਈ ਵਾਰ ਇਹ ਮਾਪਿਆਂ ਦੀ ਸਾਰੀ ਉਮਰ ਦੀ ਕਮਾਈ ਅਤੇ ਜਾਇਦਾਦ ਨੂੰ ਵੀ ਖਾ ਜਾਣ ਦਾ ਸਬਬ ਬਣ ਜਾਂਦਾ ਹੈ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿਚ ਬਾਬਾ ਬਲਬੀਰ ਸਿੰਘ ਨੇ ਕਿਹਾ ਇਹ ਸੂਬੇ ਅੰਦਰ ਰੁਜਗਾਰ ਦੀ ਬੇਭੋਰਸਗੀ ਦਾ ਵਰਤਾਰਾ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਇੱਕ ਸਰਵੇਖਣ ਦੇ ਅੰਕੜਿਆਂ ਅਨੁਸਾਰ ਸਾਲ 2022 ਵਿੱਚ ਵਿਦਿਆਰਥੀਆਂ ਵੀਜਿਆਂ ਦੀ ਗਿਣਤੀ 80,800 ਸੀ। ਜਿਹੜੀ ਸਾਲ 2021 ਵਿੱਚ 1,69,410 ਅਤੇ ਸਾਲ 2022 ਵਿੱਚ 2,26,095 ਤੱਕ ਪੁੱਜ ਗਈ ਸੀ। ਉਨ੍ਹਾਂ ਕਿਹਾ ਇਨ੍ਹਾਂ ਤਿੰਨਾਂ ਸਾਲਾਂ ਵਿੱਚ ਹੀ 167% ਕਨੇਡਾ ਜਾਣ ਵਾਲੇ ਵਿਦਿਆਰਥੀਆਂ ਵਿੱਚ ਵਾਧਾ ਹੋਇਆ ਹੈ ਤੇ ਸੂਬੇ ਵਿਚੋਂ 10 ਹਜ਼ਾਰ ਤੋਂ 15 ਹਜ਼ਾਰ ਕਰੋੜ ਦਾ ਸਰਮਾਇਆਂ ਵਿਦੇਸ਼ ਗਿਆ ਅਤੇ ਲਗਾਤਾਰ ਜਾ ਰਿਹਾ ਹੈ।
ਇਸ ਤਰ੍ਹਾਂ ਪੰਜਾਬ ਵਿੱਚ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਖੋਰਾ ਲਗਣਾ ਲਾਜ਼ਮੀ ਹੈ। ਉਨ੍ਹਾਂ ਦੁੱਖ ਜ਼ਾਹਿਰ ਕਰਦਿਆ ਕਿਹਾ ਕਿ ਇਹ ਇਕੱਲਾ ਪੈਸਾ ਨਹੀਂ ਬਾਹਰ ਜਾ ਰਿਹਾ ਇਨ੍ਹਾਂ ਵਿਦਿਆਰਥੀਆਂ ਦੇ ਰੂਪ ਵਿੱਚ ਬਹੁਕੀਮਤੀ ਮਨੁੱਖੀ ਸਰੋਤ ਜਾ ਰਹੇ ਹਨ। ਉਨ੍ਹਾਂ ਕਿਹਾ ਇਹ ਪੰਜਾਬ ਦੇ ਖਿੱਤੇ ਵਿਚ ਭੌਤਿਕ ਅਤੇ ਮਨੁੱਖੀ ਸਰਮਾਏ ਨੂੰ ਅਸੀਂ ਬਾਹਰ ਭੇਜ ਕੇ ਇਥੇ ਵਿਕਾਸ ਦੀ ਗਤੀ ਨੂੰ ਜ਼ਿੰਦਰੇ ਮਾਰ ਰਹੇ ਹਾਂ ਜੋ ਸੂਬੇ ਵਾਸਤੇ ਕਾਫ਼ੀ ਨੁਕਸਾਨ ਦਾ ਕਾਰਨ ਹੈ। ਉਨ੍ਹਾਂ ਮੌਜੂਦਾ ਸਰਕਾਰਾਂ ਨੂੰ ਅਗਾਉਂ ਚੇਤਾਵਨੀ ਦੇਂਦਿਆਂ ਕਿਹਾ ਕਿ ਪੰਜਾਬ ਬਿਰਬ ਘਰ ਬਣਦਾ ਜਾ ਰਿਹਾ ਹੈ। ਇਸ ਵਰਤਾਰੇ ਨੂੰ ਸਮਝਣ ਦੀ ਜ਼ਰੂਰਤ ਹੈ। ਇਸ ਵਾਸਤੇ ਪੰਜਾਬ ਸਰਕਾਰ ਇਸ ਬਾਰੇ ਗੰਭੀਰ ਅਧਿਐਨ ਕਰ ਕਰਵਾ ਕੇ ਨੀਤੀਗਤ ਫ਼ੈਸਲੇ ਰਾਹੀਂ ਏਥੇ ਹੀ ਰੁਜ਼ਗਾਰ ਸਰੋਤ ਪੈਦਾ ਕੀਤੇ ਜਾਣ ਅਤੇ ਸਵੈਭਰੋਸਗੀ ਵਾਲਾ ਵਾਤਾਵਰਣ ਸਿਰਜਿਆ ਜਾਵੇ। ਉਨ੍ਹਾਂ ਕਿਹਾ ਪਰਵਾਸ ਦੇ ਵਰਤਾਰੇ ਦੀ ਰੋਕਥਾਮ ਲਈ ਢੁਕਵੇਂ ਕਦਮ ਚੁਕਣੇ ਅੱਜ ਦੇ ਸਮੇਂ ਦੀ ਸਖ਼ਤ ਲੋੜ ਹੈ।