ਸਾਰੇ ਨੌਜਵਾਨਾਂ ਤੇ ਦੇਸ਼ ਦੇ ਹਰ ਇਕ ਨਾਗਰਿਕ ਨੂੰ ਸ਼ਹੀਦਾਂ ਦੀ ਸੋਚ ਤੇ ਵਿਚਾਰਧਾਰਾ ਨੂੰ ਅਪਣਾ ਕੇ ਨਵੇਂ ਸਮਾਜ ਦੀ ਸਿਰਜਣਾ ਚਾਹੀਦਾ ਹੈ : ਸਰਪੰਚ ਹਰੀਸ਼ ਚੰਦਰ
ਅਰਨੀਵਾਲਾ, 23 ਮਾਰਚ (ਪ੍ਰਦੀਪ ਸਿੰਘ/ਗੁਰਦਰਸ਼ਨ ਚੰਦ) – ਅੱਜ ਸਹੀਦ ਭਗਤ ਸਿੰਘ ਨੌਜਵਾਨ ਸਭਾ ਚੱਕ ਡੱਬ ਵਾਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਚੱਕ ਡੱਬ ਵਾਲਾ ਦੇ ਪ੍ਰਧਾਨ ਰਵਿੰਦਰ ਕੁਮਾਰ ਤੇ ਸਰਪੰਚ ਹਰੀਸ਼ ਚੰਦਰ ਦੀ ਦੇਖ ਰੇਖ ‘ਚ ਹਾਜ਼ਰੀਨ ਵੱਲੋਂ ਫੁੱਲ ਮਲਾਵਾਂ ਪਹਿਨਾ ਕੇ ਅਤੇ ਮੋਮਬੱਤੀਆਂ ਜਗਾ ਕੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਚੱਕ ਡੱਬ ਵਾਲਾ ਦੇ ਸਰਪੰਚ ਹਰੀਸ਼ ਚੰਦਰ ਜੀ ਨੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ‘ਤੇ ਸਾਥੀਆਂ ਨੇ ਆਪਣੀਆਂ ਜਵਾਨੀਆਂ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣਨਾ ਅਜੇ ਬਾਕੀ ਹੈ ‘ਤੇ ਸਾਰੇ ਨੌਜਵਾਨਾਂ ਅਤੇ ਦੇਸ਼ ਦੇ ਹਰ ਇਕ ਨਾਗਰਿਕ ਨੂੰ ਸ਼ਹੀਦਾਂ ਦੀ ਸੋਚ ਤੇ ਵਿਚਾਰਧਾਰਾ ਨੂੰ ਅਪਣਾ ਕੇ ਨਵੇਂ ਸਮਾਜ ਦੀ ਸਿਰਜਣਾ ਕਰਨ ਵੱਲ ਵਧਣਾ ਚਾਹੀਦਾ ਹੈ।
ਸੂਰਬੀਰਾਂ ਦੀਆਂ ਸ਼ਹਾਦਤਾਂ ਕਰਕੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ : ਚੇਅਰਮੈਨ ਬਿੱਟੂ ਚਿਮਨੇ ਵਾਲਾ
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਚੇਅਰਮੈਨ ਬਿੱਟੂ ਚਿਮਨੇ ਵਾਲਾ ਨੇ ਸਹੀਦ-ਏ-ਆਜਮ ਸਰਦਾਰ ਭਗਤ ਸਿੰਘ ਨੂੰ ਸਰਧਾਂਜਲੀ ਦਿੰਦੇ ਹੋਏ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਸਮੁੱਚੇ ਦੇਸ਼ ਵਾਸੀਆਂ ਅਤੇ ਖਾਸ ਕਰਕੇ ਨੌਜਵਾਨ ਵਰਗ ਲਈ ਪ੍ਰੇਰਨਾ ਦਾ ਸਰੋਤ ਹੈ। ਇਹਨਾਂ ਸੂਰਬੀਰਾਂ ਦੀਆਂ ਸ਼ਹਾਦਤਾਂ ਕਰਕੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤੇ ਇਹਨਾਂ ਦੇਸ਼ ਭਗਤਾਂ ਨੂੰ ਆਦਰਸ਼ ਮੰਨਦੇ ਹੋਏ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਸਹੀਦ-ਏ-ਆਜਮ ਸਰਦਾਰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸੋਚ ਨੂੰ ਅਪਨਾਉਣ ਦੀ ਲੋੜ ਹੈ, ਦੇਸ਼ ਦੇ ਹਰ ਇਕ ਨਾਗਰਿਕ ਨੂੰ ਸੁਚਾਰੂ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰਨਾ ਸਾਡਾ ਨੈਤਿਕ ਫਰਜ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਤੇ ਸਾਥੀ ਬੰਬਾਂ ਦੀ ਗੱਲ ਨਹੀਂ ਕਰਦੇ ਸਨ, ਸਗੋਂ ਕਿਤਾਬਾਂ ਦੀ ਬਾਤ ਪਾਉਂਦੇ ਸਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਰਾਜਨੀਤੀ ਦਾ ਗਿਆਨ ਹੋਣਾ ਚਾਹੀਦਾ ਹੈ।
ਇਸ ਕਰ ਕੇ ਨੌਜਵਾਨ ਵਰਗ ਨੂੰ ਕਿਤਾਬਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਗਤ ਸਿੰਘ ਤੇ ਸਾਥੀ ਬਰਾਬਰਤਾ ਦੀ ਗੱਲ਼ ਕਰਦੇ ਸਨ, ਉਹ ਅਜਿਹਾ ਸਮਾਜ ਸਿਰਜਣਾ ਚਾਹੁੰਦੇ ਸਨ, ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ ਅਤੇ ਉਹ ਕਿਰਤ ਦੀ ਧਿਰ ਦੇ ਆਗੂ ਸਨ ਤੇ ਵੱਡੇ ਚਿੰਤਕ ਸਨ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੀ ਸੋਚ ‘ਤੇ ਪਹਿਰਾ ਦੇਣਾ ਚਾਹੀਦਾ ਹੈ। ਇਸ ਮੌਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਰਵਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਇਹਨਾਂ ਸ਼ਹੀਦਾਂ ਨੂੰ ਆਪਣਾ ਆਦਰਸ਼ ਮੰਨਦੇ ਹੋਏ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੱਕ ਡੱਬ ਵਾਲਾ ਦੇ ਵੈਦ ਪ੍ਰਕਾਸ਼ ਮੈਂਬਰ, ਜੰਮੂ ਰਾਮ ਮੈਬਰ, ਉਮ ਪ੍ਰਕਾਸ਼ ਮੈਬਰ, ਸਤੀਸ਼ ਕੁਮਾਰ ਮੈਂਬਰ, ਖਰੈਤ ਲਾਲ ਮੈਬਰ, ਅਸੋਕ ਕੁਮਾਰ ਮੈਂਬਰ, ਵਕੀਲ ਸਿੰਘ ਮੈਬਰ, ਗਿਆਨ ਚੰਦ ਮੈਬਰ, ਪ੍ਰਧਾਨ ਰਵਿੰਦਰ ਕੁਮਾਰ, ਸਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਹਰਬੰਸ ਲਾਲ, ਕਮੇਟੀ ਮੈਂਬਰ ਪਰਮਾਨੰਦ, ਕਮੇਟੀ ਮੈਂਬਰ ਪੂਰਨ ਪ੍ਰਕਾਸ਼ ਜੋਸ਼ਨ ਆਦਿ ਤੋਂ ਇਲਾਵਾ ਸਮੂਹ ਨਗਰ ਵਾਸੀਆਂ ਸਹੀਦਾਂ ਨੂੰ ਯਾਦ ਕਰ ਸ਼ਰਧਾ ਦੇ ਫੁੱਲ ਭੇਂਟ ਕੀਤੇ।