ਸਿੰਗਲ ਮੈਨ ਪ੍ਰੋਟਸਟ ਦੇ ਨਾਮ ‘ਤੇ ਲਾਇਆ ਪੱਕਾ ਮੋਰਚਾ
ਅੰਮ੍ਰਿਤਸਰ 17 ਸਤੰਬਰ (ਰਾਜੇਸ਼ ਡੈਨੀ) – ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਲਗਾਤਾਰ ਨਸ਼ੇ ਦੇ ਮੁੱਦੇ ਨੂੰ ਲੈ ਪੰਜਾਬ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਂਅ ਰਹੀ ਹੈ। ਇਸੇ ਤਰ੍ਹਾਂ ਹੀ ਛੇਹਰਟਾ ਦੇ ਮੇਨ ਚੌਂਕ ਵਿਚ ਹਰ ਐਤਵਾਰ ਸਿੰਗਲ ਮੈਨ ਪ੍ਰੋਟਸਟ ਦੇ ਨਾਮ ‘ਤੇ ਪੱਕਾ ਮੋਰਚਾ ਨੌਜਵਾਨ ਸਭ ਦੇ ਸੂਬਾਈ ਆਗੂ ਸਰਬਜੀਤ ਸਿੰਘ ਹੈਰੀ ਵਲੋਂ ਆਰੰਭ ਕੀਤਾ ਗਿਆ ਹੈ। ਸਰਬਜੀਤ ਹੈਰੀ ਨੇ ਕਿਹਾ ਕਿ ਜਦੋਂ ਸਰਕਾਰ ਅਤੇ ਪ੍ਰਸ਼ਾਸ਼ਨ ਆਪਣੀ ਜਿੰਮੇਵਾਰੀ ਤੋਂ ਭੱਜ ਜਾਣ ਤਾਂ ਫਿਰ ਸਮਾਜ ਸੁਧਾਰਕਾਂ ਨੂੰ ਇਸ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀਆ ਨਾਲ ਪਿਛਲੇ ਲਮੇਂ ਸਮੇਂ ਤੋਂ ਨਸ਼ਿਆ ਖਿਲਾਫ ਆਪਣਾ ਸੰਘਰਸ਼ ਕਰ ਰਹੇ ਹਨ। ਜਿਸ ਵਿਚ ਛੇਹਰਟਾ ਅਤੇ ਕੋਟ ਖਾਲਸਾ ਇਲਾਕੇ ਵਿਚ ਬਹੁਤ ਵਾਰ ਪ੍ਰਸ਼ਾਸ਼ਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਰਾਜਨੀਤਿਕ ਲੋਕ ਇਸ ਇਲਾਕੇ ਵਿਚ ਨਸ਼ਿਆਂ ਨੂੰ ਪ੍ਰਫੁਲਤ ਕਰਕੇ ਆਪਣੀਆ ਜੇਬਾਂ ਭਰ ਰਹੇ ਹਨ। ਸਰਬਜੀਤ ਹੈਰੀ ਨੇ ਕਿਹਾ ਕਿ ਹੁਣ ਉਨ੍ਹਾਂ ਨੇ ਪ੍ਰਸ਼ਾਸ਼ਨ ਨਾਲ ਗੰਢ ਤੁਪ ਕਰਕੇ ਉਸਦੀ ਅਵਾਜ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਦੇ ਮੁੱਦੇ ‘ਤੇ ਅੰਮ੍ਰਿਤਸਰ ਦੇ ਲਾਅ ਐਂਡ ਆਰਡਰ ਦੇ ਡੀ.ਸੀ.ਪੀ ਸ. ਪਰਮਿੰਦਰ ਭੰਡਾਲ ਨਾਲ ਤਿੰਨ ਵਾਰ ਮੀਟਿੰਗਾਂ ਕਰ ਚੁੱਕੇ ਹਾਂ ਅਤੇ ਕੋਟ ਖਾਲਸਾ ਦੇ ਨਸ਼ਾ ਤਸਕਰਾਂ ਦੀ ਇਕ ਲਿਸਟ ਵੀ ਉਨ੍ਹਾਂ ਨੂੰ ਦੇ ਚੁੱਕੇ ਹਾਂ, ਪਰ ਉਨ੍ਹਾਂ ਹਮੇਸ਼ਾ ਹੀ ਗੋਗਲੁਆਂ ਤੇ ਮਿੱਟੀ ਹੀ ਝਾੜੀ ਹੈ। ਹੁਣ ਨੌਜਵਾਨ ਸਭਾ ਵਲੋਂ ਜਿੱਥੇ ਹਰ ਰੋਜ ਵੱਖ-ਵੱਖ ਇਲਾਕਿਆਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਛੇਹਰਟਾ ਚੋਂਕ ਵਿੱਚ ਹਰ ਐਤਵਾਰ ਨੂੰ ਪੱਕਾ ਮੋਰਚਾ ਖੋਲਿਆ ਹੋਇਆ ਹੈ। ਇਹ ਧਰਨਾ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕਿਸੇ ਵੀ ਰਾਹਗੀਰ ਨੂੰ ਪ੍ਰੇਸ਼ਾਨ ਕੀਤੇ ਬਿੰਨ੍ਹਾਂ ਨੌਜਵਾਨਾਂ ਅਤੇ ਲੋਕਾਂ ਨੂੰ ਨਸ਼ੇ ਖਿਲਾਫ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਨੌਜਵਾਨ ਸਭ ਦੇ ਆਗੂ ਗੁਰਜੀਤ ਸਿੰਘ ਅਤੇ ਸੁਖਦੇਵ ਸਿੰਘ ਸੁੱਖ ਵਲੋਂ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਇਸ ਨਸ਼ੇ ਦੇ ਮੁੱਦੇ ਤੇ ਸ਼ੰਘਰਸ਼ ਕਰ ਰਹੇ ਲੋਕਾਂ ਪ੍ਰਤੀ ਆਪਣਾ ਰਵੀਆਂ ਠੀਕ ਕਰੇ ਅਤੇ ਨਸ਼ਾ ਤਸਕਰਾਂ ‘ਤੇ ਸਖਤੀ ਨਕੇਲ ਪਾਵੇ। ਉਨ੍ਹਾਂ ਕਿਹਾ ਕਿ ਜੇਕਰ ਉਹ ਨੌਜਵਾਨ ਸਭਾ ਨੂੰ ਸਾਰਥਿਕ ਨਤੀਜੇ ਨਹੀਂ ਦਿੰਦੇ ਤਾਂ ਉਹ ਵੱਡੀ ਸ਼ਕਤੀ ਨਾਲ ਸ਼ੰਘਰਸ਼ ਲਈ ਸੜ੍ਹਕਾਂ ‘ਤੇ ਉਤਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਰਾਕੇਸ਼ ਕੁਮਾਰ, ਹਰਿੰਦਰਪਾਲ ਨਾਰੰਗ, ਕਾਮਰੇਡ ਸ਼ਰਨ ਜੀ, ਮੰਗਲ ਸਿੰਘ, ਗੁਰਜੀਤ ਸਿੰਘ ਹਾਜਰ ਸਨ।