ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ‘ਵਨ ਨੇਸ਼ਨ ਵਨ ਐਜੂਕੇਸ਼ਨ’ ਦੀ ਕੀਤੀ ਕਰੜੀ ਆਲੋਚਨਾ

ਅੰਮ੍ਰਿਤਸਰ, 14 ਸਤੰਬਰ (ਅਮਰੀਕ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਸ਼ਤਾਬਦੀ ਸਮਾਗਮ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦਰ ਕੇਜਰੀਵਾਲ ਦੇ ‘ਵਨ ਨੇਸ਼ਨ ਵਨ ਐਜੂਕੇਸ਼ਨ’ ਵਾਲੇ ਬਿਆਨ ਦੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਪੰਜਾਬ ਅੰਦਰ ਕੇਜਰੀਵਾਲ ਵੱਲੋਂ ਇਹ ਬਿਆਨ ਉਸ ਦੀ ਪੰਜਾਬ ਅਤੇ ਖਾਸਕਰ ਸਿੱਖੀ ਵਿਰੋਧੀ ਮਨਸ਼ਾ ਨੂੰ ਪ੍ਰਗਟਾਉਣ ਵਾਲਾ ਹੈ। ਐਡਵੋਕੇਟ ਧਾਮੀ ਨੇ ਸਾਫ਼ ਤੌਰ ’ਤੇ ਕਿਹਾ ਕਿ ਸਿੱਖਾਂ ਦਾ ਆਪਣਾ ਖਾਸਾ ਹੈ ਅਤੇ ਪੰਜਾਬ ਦੀ ਧਰਤੀ ’ਤੇ ਗੁਰੂ ਸਾਹਿਬਾਨ ਵੱਲੋਂ ਸਿਰਜੇ ਗਏ ਇਤਿਹਾਸ ਅਤੇ ਸੱਭਿਆਚਾਰ ਨੂੰ ਰਲਗਡ ਕਰਨ ਵਾਲੀ ਕੋਈ ਵੀ ਚਾਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।  ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ‘ਇਕ ਰਾਸ਼ਟਰ ਇਕ ਸਿੱਖਿਆ’ ਦੀ ਨੀਤੀ ਦਾ ਪ੍ਰਗਟਾਵਾ ਸੂਬਿਆਂ ਦੀ ਮੌਲਿਕ ਵੰਨਸਵੰਨਤਾ ਅਤੇ ਇਤਿਹਾਸ ਨੂੰ ਸੱਟ ਮਾਰਨ ਵਾਲੀ ਚਾਲ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਦੇਸ਼ ਅੰਦਰ ਘਟਗਿਣਤੀਆਂ ਨੂੰ ਦਬਾਉਣ ਅਤੇ ਉਨ੍ਹਾਂ ਦੇ ਸੱਭਿਆਚਾਰ ਅਤੇ ਇਤਿਹਾਸ ਨੂੰ ਖੰਡਤ ਕਰਨ ਦੀਆਂ ਕਈ ਹਰਕਤਾਂ ਹੋ ਰਹੀਆਂ ਹਨ, ਜਦਕਿ ਕੇਜਰੀਵਾਲ ਵੱਲੋਂ ਇਸੇ ਦਿਸ਼ਾ ਵਿਚ ਪ੍ਰਗਟਾਵਾ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕਦੇ ਵੀ ਪੰਜਾਬ ਹਿੱਤਕਾਰੀ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬੀਆਂ ਅਤੇ ਖਾਸਕਰ ਸਿੱਖਾਂ ਨੂੰ ਇਸ ਹਰਕਤ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ, ਤਾਂ ਜੋ ਖਿੱਤੇ ਦੀ ਆਪਣੀ ਪਛਾਣ ਖੋਰਾ ਲੱਗਣ ਤੋਂ ਬਚੀ ਰਹੇ।

You May Also Like