2 ਕਰੋੜ ਰੁਪਏ ਜੁਰਮਾਨਾਂ ਤੇ ਜੇਲ੍ਹ ’ਚ ਸਜ਼ਾ ਭੁਗਤ ਕੇ ਆਇਆ ਪਿੰਡ ਵਾਪਸ
ਸ੍ਰੀ ਮੁਕਤਸਰ ਸਾਹਿਬ, 8 ਸਤੰਬਰ (ਅਵਤਾਰ ਮਰਾੜ੍) – ਸਾਊਦੀ ਅਰਬ ਦੀ ਜੇਲ੍ਹ ਦੇ ਵਿੱਚ ਬੰਦ ਰਹੇ ਪਿੰਡ ਮੱਲ੍ਹਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਬਲਵਿੰਦਰ ਸਿੰਘ ਆਖਰਕਾਰ ਅੱਜ ਰਿਹਾਅ ਹੋ ਕੇ ਵਤਨ ਵਾਪਸ ਪਰਤ ਆਇਆ। ਜੇਲ੍ਹ ’ਚ ਬੰਦ ਰਹੇ ਬਲਵਿੰਦਰ ਸਿੰਘ ਨੂੰ ਉੱਥੇ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉੱਥੋਂ ਦੀ ਸਰਕਾਰ ਵੱਲੋਂ ਉਸਦਾ ਸਿਰ ਕਲਮ ਕਰਨ ਜਾਂ ਦੋ ਕਰੋੜ ਰੁਪਏ ਅਦਾ ਕਰਨ ਤੇ ਸੱਤ ਸਾਲ ਦੀ ਸਜਾ ਦਾ ਹੁਕਮ ਸੁਣਾਇਆ ਗਿਆ ਸੀ। ਇਸ ਵੱਡੀ ਮੁਸੀਬਤ ’ਚੋਂ ਆਖਿਰ ਬਲਵਿੰਦਰ ਅੱਜ ਵਤਨ ਵਾਪਸ ਪਰਤ ਆਇਆ। ਉਸਦੀ ਵਤਨ ਵਾਪਸੀ ’ਤੇ ਪਰਿਵਾਰਿਕ ਮੈਂਬਰਾਂ ਦੋ ਭਰਾਵਾਂ ਤੇ ਇਕ ਭੈਣ ਸਮੇਤ ਇਲਾਕੇ ਭਰ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਵਤਨ ਵਾਪਸ ਪਰਤੇ ਬਲਵਿੰਦਰ ਨੇ ਦੱਸਿਆ ਕਿ ਉਸਨੂੰ ਉੱਥੇ ਕਾਫ਼ੀ ਕਸ਼ਟ ਝਲਣੇ ਪਏ। ਨਸਲੀ ਭੇਦਭਾਵ ਦਾ ਵੀ ਸ਼ਿਕਾਰ ਹੋਣਾ ਪਿਆ। ਧਰਮ ਤਬਦੀਲ ਕਰਨ ਲਈ ਉਸਨੂੰ ਵਾਰ ਵਾਰ ਉਕਸਾਇਆ ਗਿਆ ਪਰ ਉਸਨੇ ਈਨ ਨਹੀਂ ਮੰਨੀ। ਸਾਊਦੀ ਅਰਬ ਸਰਕਾਰ ਵੱਲੋਂ ਉਸਦਾ ਸਿਰ ਕਲਮ ਕਰਨ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਪਰ ਪੰਜਾਬੀਆਂ ਵੱਲੋਂ 2 ਕਰੋੜ ਰੁਪਏ ਦੀ ਰਾਸ਼ੀ ਅਦਾ ਕਰਕੇ ਉਸਨੂੰ ਨਵਾਂ ਜੀਵਨਦਾਨ ਦਿੱਤਾ ਜਿਸਦਾ ਉਹ ਸਦਾ ਕਰਜ਼ਦਾਰ ਰਹੇਗਾ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਮੱਲ੍ਹਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਸਾਊਦੀ ਅਰਬ ਗਿਆ ਹੋਇਆ ਸੀ, ਉੱਥੇ ਇਕ ਕੰਪਨੀ ’ਚ ਝਗੜਾ ਹੋਇਆ ਸੀ ਤੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ।
ਉਸ ਸਬੰਧ ’ਚ ਬਲਵਿੰਦਰ ਸਿੰਘ ਨੂੰ ਸੱਤ ਸਾਲ ਪਹਿਲਾਂ ਸਾਊਦੀ ਅਰਬ ਦਾ 10 ਲੱਖ ਰਿਆਲ ਭਾਰਤ ਦਾ ਲੱਗਭਗ 2 ਕਰੋੜ ਰੁਪਏ ਜੁਰਮਾਨਾਂ ਕੀਤਾ ਗਿਆ ਸੀ। 7 ਸਾਲ ਸਜ਼ਾ ਪੂਰੀ ਹੋਣ ਤੋਂ ਬਾਅਦ ਜੁਰਮਾਨਾ ਨਾ ਅਦਾ ਕਰਨ ’ਤੇ 18 ਮਈ 2022 ਨੂੰ ਸਿਰ ਕਲਮ ਕੀਤਾ ਜਾਣਾ ਸੀ ਪਰ ਲੋਕਾਂ ਦੀ ਮੱਦਦ ਨਾਲ 22 ਮਈ 2022 ਨੂੰ 2 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਸਾਊਦੀ ਅਰਬ ਭੇਜੀ ਗਈ। ਉਸਤੋਂ ਬਾਅਦ ਉੱਥੋਂ ਦੀ ਅਦਾਲਤ ਨੇ ਬਲਵਿੰਦਰ ਸਿੰਘ ਦੀ ਸਿਰ ਕਲਮ ਕਰਨ ਦੀ ਸਜ਼ਾ ਟਾਲ ਦਿੱਤੀ ਸੀ। ਮ੍ਰਿਤਕ ਦੇ ਪਰਿਵਾਰ ਨੂੰ ਰਾਸ਼ੀ ਦੇਣ ਤੋਂ ਬਾਅਦ ਵੀ ਅਦਾਲਤ ਵੱਲੋਂ ਬਲਵਿੰਦਰ ਸਿੰਘ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਸੀ ਜਿਸਤੋਂ ਬਾਅਦ ਪਰਿਵਾਰਿਕ ਮੈਂਬਰਾਂ ਸਮੇਤ ਬਹੁਤ ਸਾਰੇ ਪੰਜਾਬੀਆਂ ਵੱਲੋਂ ਕੀਤੇ ਲੰਬੇ ਸੰਘਰਸ਼ ਤੋਂ ਬਾਅਦ ਆਖਿਰਕਾਰ ਸਾਊਦੀ ਅਰਬ ਸਰਕਾਰ ਪਾਸੋਂ ਬਲਵਿੰਦਰ ਸਿੰਘ ਦੀ ਰਿਹਾਈ ਕਰਵਾਈ ਗਈ। ਇਸ ਵੱਡੀ ਘਾਲਣਾ ਤੋਂ ਬਾਅਦ ਬਲਵਿੰਦਰ ਆਪਣੇ ਪਰਿਵਾਰ ’ਚ ਪਹੁੰਚ ਗਿਆ।
ਭਾਵੇਂ ਕਿ ਉਸਦੇ ਮਾਤਾ ਪਿਤਾ ਉਸਦਾ ਮੁੱਖ ਵੇਖਿਆ ਬਿਨਾਂ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਪਰ ਬਲਵਿੰਦਰ ਦੇ ਵਤਨ ਵਾਪਸ ਆਉਣ ’ਤੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ। ਪਿੰਡ ਮੱਲ੍ਹਣ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਉਸਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸਨੇ ਆਪਣੀ ਦੁੱਖ ਭਰੀ ਦਾਸਤਾਨ ਦਸਦਿਆਂ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਨਾ ਜਾਣ ਅਤੇ ਪੰਜਾਬ ’ਚ ਕੰਮ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਪੰਜਾਬੀ ਨੌਜਵਾਨਾਂ ਨੂੰ ਬਹੁਤ ਦੁੱਖ ਝੱਲਣੇ ਪੈਂਦੇ ਹਨ। ਉਸਨੇ ਦੱਸਿਆ ਕਿ ਉਹ ਖੁਦ ਵੀ ਰੁਜ਼ਗਾਰ ਦੀ ਖਾਤਿਰ ਹੀ ਸਾਊਦੀ ਅਰਬ ’ਚ ਗਿਆ ਸੀ ਪਰ ਉਸਦੀ ਜਿੰਦਗੀ ਦੁੱਖਾਂ ’ਚ ਹੀ ਬੀਤੀ। ਉਸਨੇ ਸਰਕਾਰਾਂ ’ਤੇ ਰੋਸ ਜਿਤਾਇਆ ਕਿ ਜੇਕਰ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਸਹੀ ਰੁਜ਼ਗਾਰ ਦੇਣ ਤਾਂ ਅਜਿਹੀਆਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ।