ਸਾਕਾ ਸਾਰਾਗੜ੍ਹੀ ਦੇ 21 ਸ਼ਹੀਦ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਗੱਤਕਾ ਸ਼ੋਅ

ਸਾਰਾਗੜ੍ਹੀ ਫਾਊਂਡੇਸ਼ਨ ਵੱਲੋ ਗੱਤਕਾ ਟੀਮ ਦੀਆਂ ਖਿਡਾਰਨਾਂ ਨੂੰ ਕੀਤਾ ਗਿਆ ਸਨਮਾਨਿਤ

ਲੁਧਿਆਣਾ, 11 ਸਤੰਬਰ (ਹਰਮਿੰਦਰ ਮੱਕੜ) – ਸਾਰਾਗੜ੍ਹੀ ਫਾਊਡੇਸ਼ਨ ਦੇ ਵੱਲੋ ਸਾਕਾ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅੱਜ ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ ਲੁਧਿਆਣਾ ਵਿਖੇ ਬੜੇ ਉਤਸ਼ਾਹ ਦੇ ਨਾਲ ਗੱਤਕਾ ਸ਼ੋਅ ਆਯੋਜਿਤ ਕੀਤਾ ਗਿਆ। ਜਿਸ ਅੰਦਰ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਗੱਤਕਾ ਟੀਮ ਦੀਆਂ ਜ਼ਬਾਂਜ ਖਿਡਾਰਨਾਂ ਨੇ ਆਪਣੀ ਸ਼ਸ਼ਤਰ ਕਲਾ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ।।ਜਿਸ ਨੂੰ ਦੇਖ ਕੇ ਗੱਤਕਾ ਸ਼ੋਅ ਅੰਦਰ ਇੱਕਤਰ ਹੋਈਆਂ ਮਹਿਮਾਨ ਸ਼ਖਸ਼ੀਅਤਾਂ ,ਸਕੂਲ ਦੇ ਸਟਾਫ ਮੈਬਰ ਅਤੇ ਵਿਦਿਆਰਥਣਾਂ ਅਸ਼-ਅਸ਼ ਕਰ ਉੱਠੀਆਂ। ਇਸ ਦੌਰਾਨ ਸਾਕਾ ਸਾਰਾਗੜ੍ਹੀ ਦੇ ਸ਼ਹੀਦਾਂ ਦੀ 126ਵੀਂ ਯਾਦ ਨੂੰ ਸਮਰਪਿਤ ਕਰਵਾਏ ਗਏ ਗੱਤਕਾ ਸ਼ੋਅ ਅੰਦਰ ਸਕੂਲ ਦੀਆਂ ਗੱਤਕਾ ਖਿਡਾਰਨਾਂ ਦੀ ਵਿਸ਼ੇਸ਼ ਤੌਰ ਤੇ ਹੌਸਲਾ ਅਫਜਾਈ ਕਰਨ ਲਈ ਪੁੱਜੇ ਉੱਘੇ ਗੱਤਕਾ ਪ੍ਰਮੋਟਰ ਤੇ ਸਾਰਾਗੜ੍ਹੀ ਫਾਊਡੇਸ਼ਨ ਦੇ ਮੀਡੀਆ ਸਲਾਹਕਾਰ ਸ.ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਵਿਰਾਸਤੀ ਖੇਡ ਗੱਤਕਾ ਨੂੰ ਹੋਰ ਮਾਣ ਸਤਿਕਾਰ ਦਿਵਾਉਣ ਹਿੱਤ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤੀ ਖੇਡ ਨਾਲ ਜੋੜਿਆ ਜਾ ਸਕੇ।

ਗੱਤਕਾ ਖਿਡਾਰੀਆਂ ਦੇ ਜੰਗਜੂ ਜ਼ੋਹਰ ਦੇਖ ਕੇ ਮਹਿਮਾਨ ਸ਼ਖਸ਼ੀਅਤਾਂ ਅਸ਼-ਅਸ਼ ਕਰ ਉੱਠੀਆਂ

ਉਨ੍ਹਾਂ ਨੇ ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਗੱਤਕਾ ਟੀਮ ਦੀਆਂ ਜ਼ਬਾਂਜ ਖਿਡਾਰਨਾਂ ਵੱਲੋ ਦਿਖਾਏ ਗਏ ਗੱਤਕੇ ਦੇ ਜ਼ੋਹਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ।ਇਸ ਦੌਰਾਨ ਉਨ੍ਹਾਂ ਨੇ ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਸਮੇਤ ਰਾਮਗੜ੍ਹੀਆ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸ.ਰਣਜੋਧ ਸਿੰਘ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਯਾਦਗਾਰੀ ਪ੍ਰੋਗਰਾਮ ਆਯੋਜਿਤ ਕਰਨ ਦਾ ਮੁੱਖ ਉਦੇਸ਼ ਵਿਦਿਆਰਥੀ ਵਰਗ ਅੰਦਰ ਦ੍ਰਿੜ ਵਿਸ਼ਵਾਸ, ਪ੍ਰਭੂ ਭਗਤੀ ਤੇ ਸੂਰਬੀਰਤਾ ਦੀ ਭਾਵਨਾ ਪੈਦਾ ਕਰਨਾ ਹੈ।ਇਸ ਮੌਕੇ ਸ.ਰਣਜੀਤ ਸਿੰਘ ਖਾਲਸਾ ,ਸ.ਜਤਿੰਦਰਪਾਲ ਸਿੰਘ ਸਲੂਜਾ ਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਨੇ ਸਾਂਝੇ ਤੌਰ ਗੱਤਕਾ ਟੀਮ ਦੀਆਂ ਖਿਡਾਰਨਾ ਜਿੱਥੇ ਸਾਰਾਗੜ੍ਹੀ ਯਾਦਗਾਰੀ ਐਵਾਰਡ ਤੇ ਸਰਟੀਫਿਕੇਟਾ ਨਾਲ ਸਨਮਾਨਿਤ ਕੀਤਾ ਗਿਆ, ਉੱਥੇ ਨਾਲ ਹੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਵੱਲੋ ਗੱਤਕਾ ਸ਼ੋਅ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਸਾਕਾ ਸਾਰਾਗੜ੍ਹੀ ਦੇ ਮਹਾਨ ਸ਼ਹੀਦ ਭਾਈ ਸਾਹਿਬ ਸਿੰਘ ਦੀ ਚੌਥੀ ਪੀੜ੍ਹੀ ਦੇ ਵੰਸ਼ਜ਼ਾਂ ਸ.ਜਗਦੀਪਕ ਸਿੰਘ ਤੇ ਸ਼੍ਰੀਮਤੀ ਜਸਵਿੰਦਰ ਕੌਰ ਸਮੇਤ ਸ.ਜਤਿੰਦਰਪਾਲ ਸਿੰਘ ਸਲੂਜਾ ਸਪ੍ਰਸਤ ਪੰਜਾਬੀ ਵਿਰਸਾ ਫਾਊਡੇਸ਼ਨ,ਆਰਕੀਟੈਕਟ ਮੈਡਮ ਪੁਨੀਤ ਤੇ ਮੈਡਮ ਕਿਰਨਪਾਲ ਕੌਰ ਨੂੰ ਵੀ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਸਕੂਲ ਦੀ ਅਧਿਆਪਕਾ ਸ਼੍ਰੀ ਮਤੀ ਪਰਮਿੰਦਰ ਕੌਰ,ਮੈਡਮ ਨਵਜੀਵਨ ਕੌਰ,ਮੈਡਮ ਰਾਜਵੰਤ ਕੌਰ ਸਮੇਤ ਸਾਰਾਗੜ੍ਹੀ ਫਾਊਂਡੇਸ਼ਨ ਤੇ ਪੰਜਾਬੀ ਵਿਰਸਾ ਫਾਊਡੇਸ਼ਨ ਦੇ ਪ੍ਰਮੁੱਖ ਮੈਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

You May Also Like