ਅੰਮ੍ਰਿਤਸਰ 8 ਅਕਤੂਬਰ (ਹਰਪਾਲ ਸਿੰਘ) – ਜ਼ਿਲ੍ਹਾ ਸਿਵਲ ਸਰਜਨ ਦੇ ਦਫ਼ਤਰ ਵਿੱਚ ਸਿਹਤ ਵਿਭਾਗ ਨਾਲ ਸਬੰਧਤ ਰਿਕਾਰਡ ਸਮੇਤ ਵੱਖ ਵੱਖ ਵਿਭਾਗ ਬਿਨ੍ਹਾਂ ਕੈਮਰੇ ਤੋਂ ਚੱਲ ਰਿਹਾ ਹੈ। ਜਿਸ ਨੂੰ ਲੈਕੇ ਰਿਕਾਰਡ ਫਾਇਲਾਂ ਗੁੰਮ ਹੋਣ ਜਾਂ ਉਨ੍ਹਾਂ ਦੇ ਚੋਰੀ ਹੋਣ ਦੀ ਘਟਨਾ ਵਾਪਰ ਸਕਦੀ ਹੈ। ਵਿਭਾਗ ਦੇ ਅਧਿਕਾਰੀ ਵੀ ਕਿਸੇ ਘਟਨਾ ਦੇ ਇੰਤਜਾਰ ਵਿੱਚ ਨਜ਼ਰ ਆ ਰਹੇ ਹਨ। ਇਸ ਸਬੰਧੀ ਜਦ ਪੱਤਰਕਾਰ ਵਲੋਂ ਸਰਵੇ ਕੀਤਾ ਗਿਆ ਤਾਂ ਸਿਵਲ ਸਰਜਨ ਦਫ਼ਤਰ ਵਿਖੇ ਕੈਮਰੇ ਨਾ ਹੋਣ ਕਾਰਨ ਡਿਊਟੀ ‘ਤੇ ਆਉਣ ਜਾਣ ਦਾ ਵੀ ਪਤਾ ਨਹੀਂ ਚੱਲਦਾ। ਸਮੇਂ ਤੋਂ ਪਹਿਲਾਂ ਹੀ ਛੁੱਟੀ ਕਰਕੇ ਘਰਾਂ ਨੂੰ ਚਲੇ ਜਾਂਦੇ ਹਨ। ਇਸ ਸਬੰਧੀ ਜਦ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ, ਕੈਮਰਿਆਂ ਸੰਬੰਧੀ ਪੱਤਰ ਜਾਰੀ ਹੋ ਚੁੱਕਾ ਹੈ ਪਰ ਅਜੇ ਤੱਕ ਫੰਡ ਨਹੀਂ ਜਾਰੀ ਹੋਏ। ਉਹਨਾਂ ਕਿਹਾ ਕਿ ਜਦ ਵੀ ਫੰਡ ਜਾਰੀ ਹੋਣਗੇ ਤਾਂ ਤੁਰੰਤ ਕੈਮਰੇ ਲਗਾਏ ਜਾਣਗੇ।
ਗੌਰ ਤਲਬ ਹੈ ਕਿ, ਡਾਕਟਰਾਂ, ਪੈਰਾ ਮੈਡੀਕਲ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਕਾਫ਼ੀ ਹੜਤਾਲਾਂ ਆਦਿ ਹੋਈਆਂ ਹਨ ਲੇਕਿਨ ਸਿਹਤ ਵਿਭਾਗ ਦਾ ਜ਼ਿਲ੍ਹਾ ਪੱਧਰ ਦਾ ਹੈਡ ਆਫਿਸ ਜਿਸ ਵਿੱਚ ਇੱਕ ਵੀ ਸੀ ਸੀ ਟੀ ਵੀ ਕੈਮਰਾ ਨਹੀਂ ਲੱਗਾ ਹੈ। ਇਸ ਤਰ੍ਹਾਂ ਤਾਂ ਇਥੇ ਕੋਈ ਅਣਪਛਾਤਾ ਵਿਅਕਤੀ ਆਵੇ ਅਤੇ ਵਾਰਦਾਤ ਕਰਕੇ ਚਲਾ ਜਾਵੇ ਇਸ ਪ੍ਰਤੀ ਕੋਈ ਕੈਮਰਾ ਨਹੀਂ ਲੱਗਾ ਹੈ। ਇਸ ਦਫ਼ਤਰ ਵਿੱਚ ਸਾਰੇ ਜ਼ਿਲੇ ਦਾ ਜਨਮ ਮੌਤ ਦਾ ਰਿਕਾਰਡ ਪਿਆ ਹੁੰਦਾ ਹੈ। ਇਸ ਦਫ਼ਤਰ ਵਿੱਚ ਸੱਤ ਐਸੇ ਪੁਆਇੰਟ ਹਨ ਜੋ ਕਿ ਬਹੁਤ ਹੀ ਸੰਵੇਦਨਸ਼ੀਲ ਹਨ। ਲੇਕਿਨ ਇਥੇ ਸੀ ਟੀ ਵੀ ਕੈਮਰਿਆਂ ਲਈ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ।