ਬੇਲਾ, 21 ਅਗਸਤ (ਹਰਦਿਆਲ ਸਿੰਘ ਸੰਧੂ) – ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਬਲਾਕ ਚਮਕੌਰ ਸਾਹਿਬ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਤੇ ਵਾਰ ਮੁਹਿੰਮ ਅਧੀਨ ਪਿੰਡ ਰਸੀਦਪੁਰ ਅਤੇ ਬਜ਼ੀਦਪੁਰ ਵਿਖੇ ਮਲੇਰੀਆ ਤੇ ਡੇਂਗੂ ਸਬੰਧੀ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਸਲਾਈਡਾਂ ਬਣਾਈਆਂ ਗਈਆਂ।ਇਸ ਮੌਕੇ ਤੇ ਰਵਿੰਦਰ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਈਜਰ ਨੇ ਕਿਹਾ ਕਿ ਡੇਂਗੂ ਦੀ ਬਿਮਾਰੀ ਨੂੰ ਰੋਕਣ ਲਈ ਸਾਨੂੰ ਆਪ ਪਹਿਲਾਂ ਯਤਨ ਕਰਨੇ ਪੈਣਗੇ ਜਿਸ ਲਈ ਸਾਨੂੰ ਉਹਨਾਂ ਥਾਂਵਾ ਦੀ ਸ਼ਨਾਖ਼ਤ ਕਰਕੇ ਜਿਥੇ ਪਾਣੀ ਇਕੱਠਾ ਹੁੰਦਾ ਹੈ ਉਥੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਤੇ ਖੜੇ ਪਾਣੀ ਦਾ ਜੇਕਰ ਕੋਈ ਹੱਲ ਨਾਂ ਹੋਵੇ ਤਾਂ ਉਥੇ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ, ਕਿਉਂਕਿ ਸਾਫ ਪਾਣੀ ਜਿਨ੍ਹਾ ਥਾਂਵਾ ਤੇ ਖੜ੍ਹਾ ਹੋਵੇਗਾ ਉਥੇ ਡੇਂਗੂ ਦੇ ਮੱਛਰ ਦਾ ਲਾਰਵਾ ਪੈਦਾ ਹੁੰਦਾ ਹੈ।ਆਪਣੇ ਕੂਲਰਾਂ ਦੀ ਹਫ਼ਤੇ ਵਿੱਚ ਇੱਕ ਵਾਰੀ ਸਫਾਈ ਜਰੂਰ ਕੀਤੀ ਜਾਵੇ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ।ਇਸ ਮੌਕੇ ਤੇ ਲਖਵੀਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਨੇ ਕਿਹਾ ਕਿ ਜੇਕਰ ਕਿਸੀ ਵਿਅਕਤੀ ਨੂੰ ਤੇਜ ਸਿਰ ਦਰਦ ਤੇ ਤੇਜ਼ ਬੁਖਾਰ ਹੋਵੇ, ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਹੋਵੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਜੀ ਕੱਚਾ ਹੋਣਾ ਅਤੇ ਉਲਟੀਆਂ ਲੱਗਣਾ, ਹਾਲਤ ਖਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਆਦਿ ਲੱਛਣ ਹੋਣ ਤਾਂ ਇਹ ਡੇਂਗੂ ਦੇ ਲੱਛਣ ਹੋ ਸਕਦੇ ਹਨ। ਇਸ ਲਈ ਸਰਕਾਰੀ ਹਸਪਤਾਲ ਵਿੱਚ ਜਾ ਕੇ ਡਾਕਟਰ ਤੋਂ ਆਪਣਾ ਮੁਆਇਨਾ ਕਰਵਾ ਕੇ ਟੈਸਟ ਕਰਵਾਉਣਾ ਚਾਹੀਦਾ ਹੈ। ਡੇਂਗੁ ਦਾ ਟੈਸਟ ਜਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਮਾਈਕਰੋਬਾਇਓਲਾਜੀ ਲੈਬ ਵਿੱਚ ਕੀਤਾ ਜਾਂਦਾ ਹੈ ਅਤੇ ਡੇਂਗੂ ਦੀ ਪੁਸ਼ਟੀ ਹੋਣ ਤੇ ਮਰੀਜ਼ ਦਾ ਇਲਾਜ਼ ਸ਼ੁਰੂ ਕੀਤਾ ਜਾਂਦਾ ਹੈ।ਇਸ ਮੌਕੇ ਤੇ ਪਰਦੀਪ ਕੁਮਾਰ ਮਲਟੀਪਰਪਜ਼ ਹੈਲਥ ਵਰਕਰ ਅਤੇ ਪਤਵੰਤੇ ਸੱਜਣ ਹਾਜਰ ਸਨ।
ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਤੇ ਵਾਰ ਮੁਹਿੰਮ ਅਧੀਨ ਲੋਕਾਂ ਨੂੰ ਕੀਤਾ ਜਾਗਰੂਰਕ
