ਸਿਹਤ ਵਿਭਾਗ ਦੀ ਟੀਮ ਵੱਲੋਂ ਮਲੇਰੀਆ ਤੇ ਡੇਂਗੂ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

ਮੋਰਿੰਡਾ 27 ਅਗਸਤ (ਹਰਦਿਆਲ ਸਿੰਘ ਸੰਧੂ) – ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਸੈਕਟਰ ਕਾਈਨੌਰ ਦੇ ਵੱਖ-ਵੱਖ ਪਿੰਡਾਂ ਵਿੱਚ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਸਲਾਈਡਾਂ ਬਣਾਈਆਂ ਗਈਆਂ। ਇਸ ਮੌਕੇ ਤੇ ਦਵਿੰਦਰ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਈਜਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੇਂਗੂ ਦੀ ਬਿਮਾਰੀ ਨੂੰ ਰੋਕਣ ਲਈ ਸਾਨੂੰ ਆਪ ਪਹਿਲਾਂ ਯਤਨ ਕਰਨੇ ਪੈਣਗੇ ਜਿਸ ਲਈ ਸਾਨੂੰ ਉਹਨਾਂ ਥਾਂਵਾ ਦੀ ਸ਼ਨਾਖ਼ਤ ਕਰਕੇ ਜਿਥੇ ਪਾਣੀ ਇਕੱਠਾ ਹੁੰਦਾ ਹੈ ਉਥੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਤੇ ਖੜੇ ਪਾਣੀ ਦਾ ਜੇਕਰ ਕੋਈ ਹੱਲ ਨਾ ਹੋਵੇ ਤਾਂ ਉਥੇ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ, ਕਿਉਂਕਿ ਸਾਫ ਪਾਣੀ ਜਿਨ੍ਹਾ ਥਾਂਵਾ ਤੇ ਖੜ੍ਹਾ ਹੋਵੇਗਾ ਉਥੇ ਡੇਂਗੂ ਦੇ ਮੱਛਰ ਦਾ ਲਾਰਵਾ ਪੈਦਾ ਹੁੰਦਾ ਹੈ। ਇਸ ਮੌਕੇ ਬੇਅੰਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਨੇ ਕਿਹਾ ਕਿ ਜੇਕਰ ਕਿਸੀ ਵਿਅਕਤੀ ਨੂੰ ਤੇਜ ਸਿਰ ਦਰਦ ਤੇ ਤੇਜ਼ ਬੁਖਾਰ ਹੋਵੇ, ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਹੋਵੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਜੀ ਕੱਚਾ ਹੋਣਾ ਅਤੇ ਉਲਟੀਆਂ ਲੱਗਣਾ, ਹਾਲਤ ਖਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਆਦਿ ਲੱਛਣ ਹੋਣ ਤਾਂ ਇਹ ਡੇਂਗੂ ਦੇ ਲੱਛਣ ਹੋ ਸਕਦੇ ਹਨ।

ਇਸ ਲਈ ਸਰਕਾਰੀ ਹਸਪਤਾਲ ਵਿੱਚ ਜਾ ਕੇ ਡਾਕਟਰ ਤੋਂ ਆਪਣਾ ਮੁਆਇਨਾ ਕਰਵਾ ਕੇ ਟੈਸਟ ਕਰਵਾਉਣਾ ਚਾਹੀਦਾ ਹੈ। ਡੇਂਗੁ ਦਾ ਟੈਸਟ ਜਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਮਾਈਕਰੋਬਾਇਓਲਾਜੀ ਲੈਬ ਵਿੱਚ ਕੀਤਾ ਜਾਂਦਾ ਹੈ ਅਤੇ ਡੇਂਗੂ ਦੀ ਪੁਸ਼ਟੀ ਹੋਣ ਤੇ ਮਰੀਜ਼ ਦਾ ਇਲਾਜ਼ ਸ਼ੁਰੂ ਕੀਤਾ ਜਾਂਦਾ ਹੈ।ਡੇਂਗੂ ਬੁਖਾਰ ਵਿੱਚ ਆਪਣੀ ਮਰਜੀ ਨਾਲ ਦਵਾਈਆਂ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਬੁਖਾਰ ਹੋਣ ਤੇ ਪੈਰਾਸਿਟਾਮੋਲ ਗੋਲੀ ਦੀ ਵਰਤੋਂ ਕੀਤੀ ਜਾਵੇ ਅਤੇ ਡਾਕਟਰੀ ਮੁਆਇਨਾ ਜਰੂਰ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਤੇ ਲਖਮਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਨੇ ਕਿਹਾ ਮਲੇਰੀਆ ਐਨਾਫਲੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਪਾਣੀ ਕਿਸੇ ਵੀ ਥਾਂ ਤੇ ਇੱੱਕਠਾ ਨਾ ਹੋਣ ਦਿੱੱਤਾ ਜਾਵੇ ਅਤੇ ਕੂਲਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਸਾਫ ਕਰਕੇ ਸੁਕਾਇਆ ਜਾਵੇ। ਉਨ੍ਹਾਂ ਮਲੇਰੀਆ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮਲੇਰੀਆ ਠੰਡ ਅਤੇ ਕਾਂਬੇ ਨਾਲ ਤੇਜ ਬੁਖਾਰ ਚੜ੍ਹਦਾ ਹੈ।ਮਲੇਰੀਆ ਦੇ ਲੱਛਣਾ ਵਿੱਚ ਉਲਟੀਆਂ ਆਉਣਾ ਅਤੇ ਤੇਜ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜੌਰੀ ਮਹਿਸੂਸ ਹੋਣਾ ਅਤੇ ਸ਼ਰੀਰ ਦਾ ਪਸੀਨੋ ਪਸੀਨੀ ਹੋਣਾ ਆਦਿ ਸ਼ਾਮਿਲ ਹੁੰਦਾ ਹੈ।

You May Also Like