ਦੇਸ਼ ਨੂੰ ਆਜ਼ਾਦ ਹੋਏ 76 ਵਰ੍ਹੇ ਹੋਣ ਉਪਰੰਤ ਵੀ ਸਰਕਾਰੀ ਹਸਪਤਾਲਾ ‘ਚ ਮੋਮਬੱਤੀਆਂ ਤੇ ਮੋਬਾਈਲ ਲਾਇਟਾ ਦੀ ਰੋਸ਼ਨੀ ਨਾਲ ਹੋ ਰਹੀਆਂ ਨੇ ਡਿਲੀਵਰੀਆਂ
ਮੋਰਿੰਡਾ 27 ਅਗਸਤ (ਹਰਦਿਆਲ ਸਿੰਘ ਸੰਧੂ) – ਅੱਜ ਦੇਸ਼ ਨੂੰ ਆਜ਼ਾਦ ਹੋਏ ਭਾਵੇਂ 77 ਵਰ੍ਹੇ ਹੋ ਚੁੱਕੇ ਹਨ ਅਤੇ ਗੱਲਾਂ ਅਸੀਂ ਡਿਜੀਟਲ ਇੰਡੀਆ ਦੀਆਂ ਕਰਦੇ ਹਾਂ | ਚੰਨ ਤੇ ਪਹੁੰਚਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਨੇ ਪਰ ਕਿਉਂ ਸਿਹਤ ਸਹੂਲਤਾਂ ਦੇ ਨਾਂ ਤੇ ਸਭ ਕੁਝ ਖਤਮ ਹੋ ਜਾਂਦਾ ਹੈ? ਇੱਕ ਦੋ ਦਿਨ ਪਹਿਲਾਂ ਮਾਮਲਾ ਮੋਰਿੰਡਾ ਸ਼ਹਿਰ ਦੇ ਹਰ ਸਮੇਂ ਸੁਰਖੀਆਂ ‘ਚ ਰਹਿਣ ਵਾਲੇ ਸਰਕਾਰੀ ਹਸਪਤਾਲ ਦਾ ਸਾਹਮਣੇ ਆਇਆ ਸੀ ਜਿੱਥੇ ਇਕ ਬੱਚੇ ਦਾ ਜਣੇਪਾ ਮੋਮਬੱਤੀਆਂ ਅਤੇ ਮੋਬਾਈਲ ਫ਼ੋਨਾਂ ਦੀ ਰੌਸ਼ਨੀ ਵਿੱਚ ਕਰਵਾਉਣਾ ਪਿਆ ਜਦਕਿ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦੋ ਜਨਰੇਟਰ ਵੀ ਹਨ ਇਸ ਮਾਮਲੇ ‘ਚ ਲਗਾਤਾਰ ਸਿਆਸਤ ਵੀ ਗਰਮਾਈ ਰਹੀ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਵਿਧਾਇਕ ਨੇ ਇਕ-ਦੂਜੇ ‘ਤੇ ਸਿਆਸੀ ਤੀਰ ਵੀ ਛੱਡੇ | ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਸਪਤਾਲ ਦਾ ਦੌਰਾ ਕਰਨ ਸਮੇਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸ਼ਰਮਨਾਕ ਕਾਰਵਾਈ ਹੈ।
ਪੰਜਾਬ ਸਰਕਾਰ ਜਿਹੜੀ ਦੂਜੇ ਸੂਬਿਆਂ ਅੰਦਰ ਪੰਜਾਬ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਲਈ ਦਾਅਵੇ ਕਰਦੀ ਹੈ ਤੇ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ‘ਤੇ ਖ਼ਰਚ ਰਹੀ ਹੈ, ਪਰੰਤੂ ਅਪਣੇ ਸੂਬੇ ਵਿਚ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੀ ਹੈ ਉਹਨਾਂ ਕਿਹਾ ਕਿ ਹਸਪਤਾਲ ਵਿੱਚ ਦੋ ਜਨਰੇਟਰ ਸੈਟ ਹਨ , ਪਰੰਤੂ ਫੰਡਾਂ ਦੀ ਘਾਟ ਕਾਰਨ ਉਹ ਚਾਲੂ ਹਾਲਤ ਵਿੱਚ ਨਾ ਹੋਣ ਕਾਰਨ ਇਹ ਜਣੇਪਾ ਮੋਮਬਤੀਆਂ ਦੀ ਰੌਸ਼ਨੀ ਵਿੱਚ ਕਰਵਾਉਣਾ ਪਿਆ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਡਾਕਟਰਾਂ ਅਤੇ ਨਰਸਾਂ ਦੀ ਘਾਟ ਹੈ ਉੱਧਰ ਇਸ ਸਬੰਧੀ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਇਸਦੇ ਪ੍ਰਤੀਕਰਮ ਵਿਚ ਕਿਹਾ ਸੀ ਕਿ ਸਾਬਕਾ ਮੁੱਖ ਮੰਤਰੀ ਸਿਰਫ ਵਿਰੋਧ ਦੀ ਬੋਲੀ ਬੋਲਣਾ ਜਾਣਦੇ ਹਨ। ਜਦ ਕਿ ਉਨ੍ਹਾਂ ਦੇ ਆਪਣੇ ਸਾਢੇ ਚਾਰ ਸਾਲ ਦੇ ਕੈਬਨਿਟ ਮੰਤਰੀ ਅਤੇ ਚਾਰ ਮਹੀਨਿਆਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਵਿੱਚ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ।
ਉਧਰ ਇਸੇ ਸਰਕਾਰੀ ਹਸਪਤਾਲ ਦੀ ਦੁਜੀ ਘਟਨਾ ਪੱਤਰਕਾਰਾਂ ਦੀ ਹਾਜ਼ਰੀ ‘ਚ ਬੀਬੀ ਕੁਲਦੀਪ ਕੌਰ ਵਾਸੀ ਪਿੰਡ ਮੜੋਲੀ ਕਲਾਂ ਨੇ ਸਰਕਾਰੀ ਹਸਪਤਾਲ ਮੋਰਿੰਡਾ ਦੇ ਐਸ.ਐਮ.ਓ. ਡਾਕਟਰ ਪਰਮਿੰਦਰਜੀਤ ਸਿੰਘ ਨੂੰ ਮਿਲ ਕੇ ਹਸਪਤਾਲ ਦੀ ਲੈਬੋਰਟਰੀ ‘ਚ ਕੰਮ ਕਰ ਰਹੇ ਕਰਮਚਾਰੀਆਂ ਤੇ ਮਰੀਜ਼ਾਂ ਨਾਲ ਦੁਰ ਵਿਵਹਾਰ ਕਰਨ ਅਤੇ ਖੱਜਲ ਖੁਆਰ ਕਰਨ ਦਾ ਆਰੋਪ ਲਗਾਇਆ। ਬੀਬੀ ਕੁਲਦੀਪ ਕੌਰ ਨੇ ਦੱਸਿਆ ਕਿ ਉਹ ਇਨਫੈਕਸ਼ਨ ਤੋਂ ਪੀੜ੍ਹਤ ਹੈ ਅਤੇ ਸਬੰਧਤ ਡਾਕਟਰ ਵੱਲੋਂ ਉਸ ਨੂੰ ਖੂਨ ਦੇ ਟੈਸਟ ਕਰਵਾਉਣ ਲਈ ਕਿਹਾ ਗਿਆ, ਪ੍ਰੰਤੂ ਜਦੋਂ ਉਹ ਸੈਂਪਲ ਦੇਣ ਲਈ ਹਸਪਤਾਲ ਦੀ ਲੈਬੋਰਟਰੀ ਵਿੱਚ ਗਈ ਤਾਂ ਉੱਥੇ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਡਾਕਟਰ ਵੱਲੋਂ ਲਿਖੇ ਟੈਸਟਾਂ ਨੂੰ ਕਰਨ ਤੋਂ ਆਨਾ ਕਾਨੀ ਕੀਤੀ ਗਈ।
ਬੀਬੀ ਕੁਲਦੀਪ ਕੌਰ ਨੇ ਮੰਗ ਕੀਤੀ ਕਿ ਹਸਪਤਾਲ ਦੇ ਕਰਮਚਾਰੀਆਂ ਨੂੰ ਬਾਹਰੋਂ ਆਏ ਮਰੀਜ਼ਾਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ ਉਪਰੋਕਤ ਆਰੋਪਾਂ ਸੰਬੰਧੀ ਗੱਲ ਕਰਦਿਆਂ ਡਾ.ਪਰਮਿੰਦਰਜੀਤ ਸਿੰਘ ਨੇ ਕਿਹਾ ਕਿ ਉਹ ਸਬੰਧਤ ਕਰਮਚਾਰੀਆਂ ਦੀ ਜਵਾਬਤਲਬੀ ਕਰਨਗੇ ਅਤੇ ਸਮੂਹ ਸਟਾਫ ਨੂੰ ਮਰੀਜਾਂ ਨਾਲ ਮਿੱਤਰਤਾ ਵਾਲਾ ਵਿਵਹਾਰ ਕਰਨ ਲਈ ਪ੍ਰੇਰਣਗੇ ਤਾਂ ਕਿ ਹਸਪਤਾਲ ਵਿਚ ਦਵਾਈ ਲੈਣ ਆਏ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਗਰ ਹਸਪਤਾਲ ਵਿੱਚ ਦਵਾਈ ਲੈਣ ਆਏ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ।