ਸੀ.ਆਈ ਫਿਰੋਜ਼ਪੁਰ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 12 ਕਿਲੋ ਹੈਰੋਇਨ ਕੀਤੀ ਬਰਾਮਦ

ਫਿਰੋਜ਼ਪੁਰ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਪੁਲਿਸ ਨੇ ਪਾਕਿਸਤਾਨ ਵਿੱਚ ਲੁਕੇ ਤਸਕਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਭੇਜੀ ਗਈ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇੰਨਾ ਹੀ ਨਹੀਂ ਫ਼ਿਰੋਜ਼ਪੁਰ ਦੀ ਕਾਊਂਟਰ ਇੰਟੈਲੀਜੈਂਸ (CI) ਦੀ ਟੀਮ ਨੇ ਦੋ ਭਾਰਤੀ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੀ ਸਫ਼ਲਤਾ ਹਾਸਲ ਕੀਤੀ ਹੈ। ਇਹ ਤਸਕਰ ਸਰਹੱਦ ਪਾਰ ਤੋਂ ਇਸ ਖੇਪ ਨੂੰ ਸੁਰੱਖਿਅਤ ਥਾਂ ‘ਤੇ ਲਿਜਾ ਰਹੇ ਸਨ। ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਕਾਰਵਾਈ ਖੁਫੀਆ ਸੂਚਨਾ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। CI ਫ਼ਿਰੋਜ਼ਪੁਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਤਸਕਰ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਲੈ ਕੇ ਆ ਰਹੇ ਹਨ। CI ਫ਼ਿਰੋਜ਼ਪੁਰ ਨੇ ਪਲੈਨਿੰਗ ਕਰਕੇ ਜਾਲ ਵਿਛਾਇਆ। CI ਫ਼ਿਰੋਜ਼ਪੁਰ ਨੇ ਰਾਤ ਦੇ ਹਨੇਰੇ ‘ਚ ਹੈਰੋਇਨ ਦੀ ਖੇਪ ਨੂੰ ਸੁਰੱਖਿਅਤ ਥਾਂ ‘ਤੇ ਲਿਜਾ ਰਹੇ ਦੋਵੇਂ ਤਸਕਰਾਂ ਨੂੰ ਕਾਬੂ ਕੀਤਾ।

ਭਾਰਤੀ ਸਮੱਗਲਰਾਂ ਵੱਲੋਂ ਇਹ ਖੇਪ ਅੱਗੇ ਪਹੁੰਚਾਈ ਜਾਣੀ ਸੀ। ਇਹ ਖੇਪ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਵਿੱਚ ਪਹੁੰਚਾਉਣਾ ਸੀ। ਡੀਜੀਪੀ ਯਾਦਵ ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਖੇਪ ਕਿਸ ਪਾਕਿਸਤਾਨੀ ਸਮੱਗਲਰ ਤੋਂ ਮਿਲੀ ਸੀ ਅਤੇ ਅੱਗੇ ਕਿਹੜੇ ਭਾਰਤੀ ਸਮੱਗਲਰਾਂ ਤੱਕ ਪਹੁੰਚਣਾ ਸੀ। ਤਸਕਰਾਂ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੈਕਵਰਡ ਅਤੇ ਫਾਰਵਰਡ ਲਿੰਕ ਸਥਾਪਤ ਕਰਨ ਲਈ ਜਾਂਚ ਜਾਰੀ ਹੈ।

You May Also Like