ਸੁਖਬੀਰ ਬਾਦਲ ਵਲੋਂ ਜਥੇਦਾਰ ਦੇ ਅਧਿਕਾਰ ਖੇਤਰ ਨੂੰ ਚਣੌਤੀ ਦੇਣ ਬਦਲੇ ਉਸਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਲਗਾਈ ਜਾਵੇ : ਪੰਥਕ ਆਗੂ

ਲੁਧਿਆਣਾ, 14 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ , ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਸਾਥੀ ਤੇ ਪੰਥਕ ਸ਼ਖਸ਼ੀਅਤਾਂ ਭਾਈ ਮੋਹਕਮ ਸਿੰਘ , ਡਾਕਟਰ ਭਗਵਾਨ ਸਿੰਘ ਅਤੇ ਸ ਸਤਨਾਮ ਸਿੰਘ ਮਨਾਵਾਂ ਨੇ ਇੱਕ ਸਾਂਝੇ ਬਿਆਨ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਨੂੰ ਚਣੌਤੀ ਦੇ ਕੇ ਜੋ ਧਾਰਮਿਕ ਮਰਯਾਦਾ ਦੀ ਖਿੱਲੀ ਉਡਾਕੇ ਧਾਰਮਿਕ ਅਵੱਗਿਆ ਕੀਤੀ ਗਈ ਹੈ। ਉਸ ਬਦਲੇ ਉਸ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤੁਰੰਤ ਤਲਬ ਕਰਕੇ ਅਤੇ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਸਜ਼ਾ ਲਗਾਈ ਜਾਵੇ।

ਪੰਥਕ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਤੇ ਆਪੇ ਦੋਸ਼ੀ ਤੇ ਆਪੇ ਜੱਜ ਬਣਕੇ ਆਪਣੇ ਆਪ ਨੂੰ ਆਪੇ ਮਾਫ਼ ਕਰਨ ਦਾ ਜੋ ਸਿਆਸੀ ਡਰਾਮਾ ਕੀਤਾ ਹੈ ਤੇ ਆਪਣੇ ਆਪ ਨੂੰ ਨੂੰ ਸੁਪਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਣਨ ਦੀ ਕੋਸ਼ਿਸ਼ ਕੀਤੀ ਹੈ। ਇਹ ਤਕੜੇ ਦਾ ਸੱਤੇ ਵੀਹ ਸੌ ਵਾਲੀ ਕਹਾਵਤ ਗੱਲ਼ ਹੋਈ ਹੈ । ਇਹ ਤਾਂ ਉਹ ਗੱਲ਼ ਹੋਈ ਹੈ ਜਿਵੇਂ ਇੱਕ ਕਾਤਲ, ਕਤਲ ਕਰਕੇ ਅਦਾਲਤ ਦੇ ਜੱਜ ਅੱਗੇ ਤਾਂ ਪੇਸ਼ ਨਾ ਹੋਵੇ ਤੇ ਅਦਾਲਤ ਦੇ ਬਾਹਰ ਖੜ੍ਹਾ ਹੋ ਕੇ ਕਹਿ ਲਵੇ ਕਿ ਮੈਂ ਦੋਸ਼ੀ ਤਾਂ ਹਾਂ ਪਰ ਮੈਂ ਆਪਣੇ ਆਪ ਨੂੰ ਬਰੀ ਹੋਣ ਦਾ ਆਪੇ ਐਲਾਨ ਕਰਦਾ ਹਾਂ , ਕੀ ਇਸ ਤਰ੍ਹਾਂ ਕੋਈ ਦੋਸ਼ੀ ਅਦਾਲਤ ਤੋਂ ਬਰੀ ਹੋ ਸਕਦਾ ਹੈ ? ਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਿੱਖਾ ਨੋਟਿਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪੇ ਹੀ ਮੁਜਰਮ ਬਣ ਕੇ ਅਤੇ ਆਪੇ ਹੀ ਜੱਜ ਬਣ ਕੇ ਆਪਣੇ ਆਪ ਨੂੰ ਮਾਫ਼ ਕਰ ਰਿਹਾ ਹੈ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤੌਹੀਨ ਹੈ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਾਂ ਨੂੰ ਸਿੱਧਾ ਚੈਲੰਜ ਹੈ। ਪਹਿਲਾਂ ਇਹ ਝੂੰਦਾ ਕਮੇਟੀ ਦੀ ਰਿਪੋਰਟ ਦੀ ਰਿਪੋਰਟ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਬਜਾਏ ਝੂੰਦਾ ਕਮੇਟੀ ਦੀ ਰਿਪੋਰਟ ਹੀ ਰੱਦ ਕਰ ਚੁੱਕਾ ਹੈ।

ਪੰਥਕ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਉਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜ ਕਾਲ ਦੌਰਾਨ ਪੰਥਕ ਰਵਾਇਤਾਂ ਅਤੇ ਪੰਥਕ ਸਿਧਾਂਤਾਂ ਦਾ ਜੋ ਘਾਣ ਬਾਦਲ ਪਰਿਵਾਰ ਵੱਲੋਂ ਕੀਤਾ ਗਿਆ ਹੈ, ਉਹ ਬੱਜਰ ਗੁਨਾਹ ਮੁਆਫ਼ ਕਰਨ ਯੋਗ ਨਹੀਂ ਹਨ। ਉਹਨਾਂ ਕਿਹਾ ਕਿ ਇਹਨਾਂ ਵੱਲੋਂ ਸਿਰਫ ਰਾਜਕਾਲ ਦੌਰਾਨ ਗਲਤੀਆਂ ਹੀ ਨਹੀਂ ਬਲਕਿ ਬਜ਼ਰ ਗਲਤੀਆਂ ਕੀਤੀਆਂ ਗਈਆਂ ਹਨ ਜਿਨਾਂ ਦੀ ਮਾਫ਼ੀ ਖਾਲਸਾ ਪੰਥ ਕਦੇ ਵੀ ਨਹੀਂ ਦੇ ਸਕਦਾ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ 1978 ਦੇ ਨਿਰੰਕਾਰੀ ਕਾਂਡ ਤੋਂ ਲੈ ਕੇ ਅੱਜ ਤੱਕ ਜੋ ਵੀ ਗਲਤੀਆਂ ਕੀਤੀਆਂ ਹਨ ਉਹਨਾਂ ਦੀ ਮੁਆਫੀ ਲਈ ਜੇਕਰ ਸੁਖਬੀਰ ਸਿੰਘ ਬਾਦਲ ਨਿਮਾਨੇ ਸਿੱਖ ਵਜੋਂ ਮਾਫ਼ੀ ਮੰਗਣੀ ਚਹੁੰਦਾ ਹੈ ਤਾਂ ਸਿਆਸੀ ਡਰਾਮੇ ਬਾਜ਼ੀਆਂ ਛੱਡਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਪੇਸ਼ ਹੋਕੇ ਲਿਖਤੀ ਤੌਰ ਤੇ ਆਪਣੇ ਗੁਨਾਹਾਂ ਦਾ ਕਬੂਲਨਾਮਾ ਪੇਸ਼ ਕਰਕੇ ਮਾਫ਼ੀ ਦੇਣ ਦੀ ਬੇਨਤੀ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਇਹਨਾਂ ਨੂੰ ਗਲਤੀ ਮੰਨਣ ਤੋਂ ਕਾਹਦਾ ਡਰ ਹੈ ਜਦਕਿ ਇਹਨਾਂ ਵੱਲੋਂ ਖੁਦ ਹੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਥਕ ਰਵਾਇਤਾਂ ਤੇ ਧਾਰਮਿਕ ਮਰਯਾਦਾਵਾਂ ਤੋਂ ਅਣਜਾਣ ਸੁਖਬੀਰ ਸਿੰਘ ਬਾਦਲ ਅੰਦਰ ਜੋ ਘੁਮੰਡ ਅਤੇ ਹੰਕਾਰ ਡੁਲ੍ਹ ਡੁਲ੍ਹ ਪੈ ਰਿਹਾ ਹੈ । ਉਸ ਸਦਕਾ ਹੀ ਉਹ ਪੰਥਕ ਰਵਾਇਤਾਂ ਦਾ ਬਾਰ ਬਾਰ ਘਾਣ ਕਰ ਰਿਹਾ ਹੈ ਅਤੇ ਕੁਰਬਾਨੀ ਵਾਲੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਹੀਰੋ ਤੋਂ ਜ਼ੀਰੋ ਬਣਾਕੇ ਰੱਖ ਦਿੱਤਾ ਹੈ । ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਪੰਥਕ ਤੇ ਧਾਰਮਿਕ ਗਲਤੀਆਂ ਨੂੰ ਵੇਖਦਿਆਂ ਇਸ ਨੂੰ ਮੂੰਹ ਨਾ ਲਗਾਉਣ।

You May Also Like