ਸੁਲਤਾਨਪੁਰ ਲੋਧੀ: ਬਿਆਸ ਦਰਿਆ ‘ਚ ਡੁੱਬਣ ਕਾਰਨ 2 ਬੱਚਿਆਂ ਦੀ ਹੋਈ ਮੌਤ

ਸੁਲਤਾਨਪੁਰ ਲੋਧੀ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਬਾਊਪੁਰ ਨਜ਼ਦੀਕੀ ਪਿੰਡ ਰਾਮਪੁਰ ਗੌਰਾ ਤੋਂ ਮੰਦਭਾਗੀ ਖ਼ਬਰ ਮਿਲੀ ਕਿ 2 ਛੋਟੀ ਉਮਰ ਦੇ ਬੱਚਿਆਂ ਦੀ ਦਰਿਆ ਬਿਆਸ ਵਿੱਚ ਡੁੱਬਣ ਨਾਲ ਮੌਤ ਹੋ ਗਈ । ਇਸ ਸਬੰਧੀ ਪਿੰਡ ਸਾਂਗਰਾ ਦੇ ਸਰਪੰਚ ਜਗਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਡ ਬਾਊਪੁਰ ਵਿਖੇ ਚੱਲ ਰਹੀ ਬੰਨ੍ਹ ਬੰਨ੍ਹਣ ਦੀ ਸੇਵਾ ਦੌਰਾਨ ਪਿੰਡ ਰਾਮਪੁਰ ਗੌਰੇ ਦੇ ਨਿਵਾਸੀ ਪਰਿਵਾਰਾਂ ਦੇ 2 ਮਾਸੂਮ ਬੱਚੇ ਗੁਰਬੀਰ ਸਿੰਘ ਪੁਤਰ ਸਤਨਾਮ ਸਿੰਘ ਤੇ ਸਮਰ ਪੁਤਰ ਰਾਮ ਸਿੰਘ ਜਿਨ੍ਹਾਂ ਦੀ ਉਮਰ ਅਜੇ 8 -10 ਸਾਲ ਦੇ ਕਰੀਬ ਸੀ। ਉਹ ਖੇਡਦੇ ਖੇਡਦੇ ਬਿਆਸ ਦਰਿਆ ਦੇ ਪਾਣੀ ਵਿਚ ਡਿੱਗ ਪਏ। ਜਿਨ੍ਹਾਂ ਨੂੰ ਨਜ਼ਦੀਕ ਸੇਵਾ ਕਰਦੇ ਲੋਕਾਂ ਨੇ ਤੁਰੰਤ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ ਜਿੱਥੇ ਮੌਕੇ ਤੇ ਮੌਜੂਦ ਡਾਕਟਰਾਂ ਵੱਲੋਂ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਦੋਵਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਬੱਚਿਆਂ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਬੱਚਾ ਗੁਰਬੀਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇੱਕ ਬੱਚਾ ਅਕਾਲ ਅਕੈਡਮੀ ਸਕੂਲ ਵਿੱਚ ਅਤੇ ਦੂਜਾ ਬਾਊਪੁਰ ਸਕੂਲ ਵਿੱਚ ਪੜ੍ਹਦੇ ਸਨ। ਇਸ ਵਾਪਰੀ ਮੰਦਭਾਗੀ ਘਟਨਾ ਨਾਲ ਮੰਡ ਖੇਤਰ ਦੇ ਲੋਕਾਂ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ ।

You May Also Like