ਕਪੂਰਥਲਾ, 26 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਦੇ ਕਪੂਰਥਲਾ ਦੇ ਕਸਬਾ ਨਡਾਲਾ ਦੇ ਇੱਕ ਨੌਜਵਾਨ ਦੀ ਇਟਲੀ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਇੱਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ‘ਚ ਸੋਗ ਦਾ ਮਾਹੌਲ ਹੈ। ਉਕਤ ਪਰਿਵਾਰਕ ਮੈਂਬਰਾਂ ਨੇ ਇਟਲੀ ਸਰਕਾਰ ਤੋਂ ਇਸ ਸੜਕ ਹਾਦਸੇ ਦੀ ਜਾਂਚ ਦੀ ਮੰਗ ਕੀਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ 2 ਮਹੀਨੇ ਪਹਿਲਾਂ ਹੀ ਇਟਲੀ ਗਿਆ ਸੀ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਮਨਦੀਪ ਕੁਮਾਰ (36) ਪੁੱਤਰ ਗੁਰਧਿਆਨ ਵਾਸੀ ਨਡਾਲਾ ਕਪੂਰਥਲਾ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਉਸ ਨੇ ਕਰਜ਼ਾ ਲੈ ਕੇ ਅਜੈ ਨੂੰ ਰੋਜ਼ੀ ਰੋਟੀ ਕਮਾਉਣ ਲਈ ਇਟਲੀ ਭੇਜਿਆ ਸੀ। ਬੀਤੇ ਦਿਨ ਅਜੈ ਕੁਮਾਰ ਕਿਸੇ ਰਿਸ਼ਤੇਦਾਰ ਨੂੰ ਲੈਣ ਲਈ ਆਪਣੇ ਦੋਸਤ ਰਾਕੇਸ਼ ਕੁਮਾਰ ਦੀ ਕਾਰ ਵਿੱਚ ਲਾਤੀਨਾ ਜ਼ਿਲ੍ਹੇ ਤੋਂ ਫਿਉਮੀਸੀਨੋ ਏਅਰਪੋਰਟ ਗਿਆ ਸੀ।
ਜਿੱਥੇ ਏਅਰਪੋਰਟ ਨੇੜੇ ਪਾਰਕਿੰਗ ਲਈ ਪੈਸੇ ਬਚਾਉਣ ਲਈ ਡਰਾਈਵਰ ਨੇ ਕਾਰ ਨੂੰ ਨੋ-ਪਾਰਕਿੰਗ ਜ਼ੋਨ ਵਿੱਚ ਪਾ ਦਿੱਤਾ ਅਤੇ ਕਿਸੇ ਰਿਸ਼ਤੇਦਾਰ ਦੀ ਫਲਾਈਟ ਦਾ ਇੰਤਜ਼ਾਰ ਕਰਨ ਲੱਗਾ, ਇਸੇ ਦੌਰਾਨ ਅਜੇ ਕੁਮਾਰ ਬਾਥਰੂਮ ਜਾਣ ਲਈ ਸੜਕ ਪਾਰ ਕਰਨ ਲੱਗਾ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਅਜੈ ਕੁਮਾਰ ਦੇ ਦੋ ਛੋਟੇ ਬੱਚੇ ਸਨ ਅਤੇ ਉਨ੍ਹਾਂ ਨੇ ਇਟਲੀ ਸਰਕਾਰ ਨੂੰ ਹਾਦਸੇ ਦੀ ਜਾਂਚ ਕਰਨ ਅਤੇ ਅਜੈ ਦੀ ਲਾਸ਼ ਨੂੰ ਭਾਰਤ ਲਿਆਉਣ ਵਿੱਚ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਹੈ।