ਖੰਨਾ ਚ NRI ਦੀ ਪਤਨੀ ਦਾ ਕਤਲ

ਖੰਨਾ, 7 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਖੰਨਾ ‘ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਐਨਆਰਆਈ ਦੀ ਪਤਨੀ ਦਾ ਕਤਲ ਕਰ ਦਿਤਾ ਗਿਆ ਹੈ। ਲਾਸ਼ ਘਰ ਦੀ ਬੇਸਮੈਂਟ ‘ਚੋਂ ਮਿਲੀ ਹੈ। ਵਾਰਦਾਤ ਤੋਂ ਬਾਅਦ ਕਾਤਲ ਨੇ ਵਿਦੇਸ਼ ‘ਚ ਬੈਠੇ ਔਰਤ ਦੇ ਪਤੀ ਅਤੇ ਬੇਟੇ ਨੂੰ ਫੋਨ ‘ਤੇ ਧਮਕੀਆਂ ਵੀ ਦਿੱਤੀਆਂ। ਇੰਨਾ ਹੀ ਨਹੀਂ ਘਰ ਦੀ ਕੰਧ ‘ਤੇ ਮ੍ਰਿਤਕਾ ਦੇ ਜੇਠ ਦਾ ਨਾਂ ਲਿਖ ਕੇ ਹੇਠਾਂ ਲਿਖਿਆ ਗਿਆ ਕਿ ਕਤਲ ਕਰ ਦਿਤਾ ਹੈ। ਮ੍ਰਿਤਕਾ ਦੀ ਪਛਾਣ ਰਣਜੀਤ ਕੌਰ (43 ਸਾਲਾ) ਵਜੋਂ ਹੋਈ। ਜਾਣਕਾਰੀ ਅਨੁਸਾਰ ਰਣਜੀਤ ਕੌਰ ਦਾ ਪਤੀ ਇਟਲੀ ਰਹਿੰਦਾ ਹੈ। ਇੱਕ ਪੁੱਤਰ ਕੈਨੇਡਾ ਵਿੱਚ ਹੈ ਅਤੇ ਦੂਜਾ ਪੁਰਤਗਾਲ ਵਿੱਚ ਹੈ। ਪਾਇਲ ਸਥਿਤ ਘਰ ਦੇ ਹੇਠਾਂ ਦੁਕਾਨਾਂ ਬਣੀਆਂ ਹਨ ਜੋ ਕਿਰਾਏ ‘ਤੇ ਦਿੱਤੀਆਂ ਹੋਈਆਂ ਹਨ। ਉਪਰ ਵਾਲੇ ਪਾਸੇ ਰਿਹਾਇਸ਼ੀ ਮਕਾਨ ਬਣਿਆ ਹੈ। ਰਣਜੀਤ ਕੌਰ ਘਰ ਵਿੱਚ ਇਕੱਲੀ ਰਹਿੰਦੀ ਸੀ।

4 ਸਤੰਬਰ ਦੀ ਸ਼ਾਮ ਨੂੰ ਆਂਢ-ਗੁਆਂਢ ਦੇ ਲੋਕਾਂ ਨੇ ਉਸਨੂੰ ਆਖਰੀ ਵਾਰ ਦੇਖਿਆ। ਇਸ ਤੋਂ ਬਾਅਦ ਉਹ ਦਿਖਾਈ ਨਹੀਂ ਦਿਤੀ। ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਵਿਦੇਸ਼ ਬੈਠੇ ਪੁੱਤ ਨੇ ਆਪਣੇ ਦੋਸਤ ਨੂੰ ਘਰ ਜਾ ਕੇ ਵੇਖਣ ਲਈ ਕਿਹਾ, ਜਦੋਂ ਦੋਸਤ ਨੇ ਘਰ ਜਾ ਕੇ ਵੇਖਿਆ ਤਾਂ ਔਰਤ ਦੀ ਘਰ ਵਿਚ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਜੀਤ ਕੌਰ ਦੇ ਕਤਲ ਤੋਂ ਬਾਅਦ ਘਰ ਵਿੱਚੋਂ ਕੁਝ ਸਾਮਾਨ ਵੀ ਗਾਇਬ ਹੈ। ਰਣਜੀਤ ਕੌਰ ਦਾ ਫੋਨ ਵੀ ਕਾਤਲ ਨਾਲ ਲੈ ਗਿਆ। ਜਿਸ ਦਾ ਸਿਮ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਣਜੀਤ ਕੌਰ ਦਾ ਕਤਲ ਹੋਇਆ ਹੈ। ਪ੍ਰਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਕਾਤਲ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਜਾਵੇ।

You May Also Like