ਬਠਿੰਡਾ ਚ ਜ਼ਮੀਨੀ ਝਗੜੇ ਨੂੰ ਲੈ ਕੇ ਵਿਅਕਤੀ ਦਾ ਕਤਲ

ਬਠਿੰਡਾ, 9 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਬਠਿੰਡਾ ਦੇ ਪਿੰਡ ਮੰਡੀ ਖੁਰਦ ਵਿਚ ਜ਼ਮੀਨੀ ਝਗੜੇ ਕਾਰਨ ਦਰਜਨ ਭਰ ਵਿਅਕਤੀਆਂ ਨੇ ਇੱਕ ਕਿਸਾਨ ਅਤੇ ਉਸਦੇ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਇਸ ਘਟਨਾ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ ਇਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ। ਜਦੋਂਕਿ ਮ੍ਰਿਤਕ ਦੀ ਪਤਨੀ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਮੀਤ ਸਿੰਘ ਦਾ ਮੰਡੀ ਖੁਰਦ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਕਰੀਬ ਸਾਢੇ ਚਾਰ ਏਕੜ ਜ਼ਮੀਨ ਦਾ ਵਿਵਾਦ ਹਾਈ ਕੋਰਟ ਵਿੱਚ ਚੱਲ ਰਿਹਾ ਸੀ, ਜਿਸ ਦਾ ਫੈਸਲਾ ਮ੍ਰਿਤਕ ਗੁਰਮੀਤ ਸਿੰਘ ਦੇ ਹੱਕ ਵਿੱਚ ਹੋਇਆ। ਹਾਈਕੋਰਟ ਤੋਂ ਜ਼ਮੀਨ ਸਬੰਧੀ ਫੈਸਲੇ ਤੋਂ ਬਾਅਦ ਉਹ ਆਪਣੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਜ਼ਮੀਨ ਦਾ ਕਬਜ਼ਾ ਲੈਣ ਲਈ ਪਿੰਡ ਮੰਡੀ ਖੁਰਦ ਪੁੱਜੇ।

ਕਿਸਾਨ ਖੇਤਾਂ ਵਿਚ ਦਰੱਖਤ ਪੁੱਟ ਰਿਹਾ ਸੀ। ਇਸ ਦੌਰਾਨ ਮੁਲਜ਼ਮ ਜਸਵਿੰਦਰ ਸਿੰਘ ਇੱਕ ਦਰਜਨ ਅਣਪਛਾਤੇ ਵਿਅਕਤੀਆਂ ਸਮੇਤ ਵਾਹਨਾਂ ‘ਤੇ ਜ਼ਮੀਨ ’ਤੇ ਪਹੁੰਚ ਗਏ। ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰਾਂ ਤੋਂ ਇਲਾਵਾ ਲੋਹੇ ਦੀਆਂ ਰਾਡਾਂ ਅਤੇ ਸੋਟੀਆਂ ਵੀ ਸਨ। ਹਮਲਾਵਰਾਂ ਨੇ ਗੁਰਮੀਤ ਸਿੰਘ ਅਤੇ ਉਸਦੇ ਪੂਰੇ ਪਰਿਵਾਰ ‘ਤੇ ਜਾਨਲੇਵਾ ਹਮਲਾ ਕਰ ਦਿਤਾ। ਜਿਸ ਵਿੱਚ ਗੁਰਮੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਦੋਂ ਗੁਰਮੀਤ ਸਿੰਘ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਇਸ ਹਮਲੇ ‘ਚ ਮ੍ਰਿਤਕ ਦੀ ਪਤਨੀ ਤੋਂ ਇਲਾਵਾ ਤਿੰਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

You May Also Like