ਕੈਨੇਡਾ ਚ ਹਾਦਸੇ ਦਾ ਸ਼ਿਕਾਰ ਹੋਏ ਪ੍ਰਵਾਸੀ ਭਾਰਤੀ ਦੀ ਮਿ੍ਤਕ ਦੇਹ ਲੈਣ ਹਵਾਈ ਅੱਡੇ ਪੁੱਜੇ ਕੈਬਨਿਟ ਮੰਤਰੀ

ਹਰੇਕ ਪ੍ਰਵਾਸੀ ਭਾਰਤੀ ਦੇ ਦੁੱਖ ਵਿਚ ਖੜਨਾ ਮੇਰਾ ਫਰਜ਼

ਅੰਮ੍ਰਿਤਸਰ, 20 ਅਗਸਤ (ਰਾਜੇਸ਼ ਡੈਨੀ) – ਬੀਤੇ ਦਿਨ ਕੈਨੇਡਾ ਵਿਚ ਇਕ ਹਾਦਸੇ ਦੌਰਾਨ ਜਿੰਦਗੀ ਦੀ ਜੰਗ ਹਾਰ ਗਏ ਫਾਜ਼ਿਲਕਾ ਦੇ ਨੌਜਵਾਨ ਦਿਲਪ੍ਰੀਤ ਸਿੰਘ ਗਰੇਵਾਲ ਦੀ ਦੇਹ, ਜੋ ਕਿ ਦੇਰ ਰਾਤ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਪੁੱਜੀ, ਨੂੰ ਲੈਣ ਲਈ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਤੇ ਦਿਲਪ੍ਰੀਤ ਸਿੰਘ ਦੇ ਪਰਿਵਾਰ ਦੇ ਮੈਂਬਰ ਪੁੱਜੇ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਸ. ਧਾਲੀਵਾਲ ਨੇ ਕਿਹਾ ਕਿ ਪ੍ਰਵਾਸ ਦਾ ਵੱਡਾ ਦੁਖਾਂਤ ਅਜਿਹੇ ਅਚਨਚੇਤ ਵਾਪਰੇ ਹਾਦਸੇ ਹੋਰ ਵਧਾ ਦਿੰਦੇ ਹਨ, ਜਦੋਂ ਨਾ ਤਾਂ ਅਸੀਂ ਕਿਸੇ ਆਪਣੇ ਨਜ਼ਦੀਕੀ ਦੀ ਮਦਦ ਉਤੇ ਸਮੇਂ ਸਿਰ ਪਹੁੰਚ ਸਕਦੇ ਹਾਂ ਤੇ ਨਾ ਹੀ ਉਹ ਸਾਡੇ ਉਤੇ ਪਈ ਬਿਪਤਾ ਵੇਲੇ ਲੋੜ ਵੇਲੇ ਸਹਾਈ ਹੋ ਸਕਦੇ ਹਨ। ਉਨਾਂ ਕਿਹਾ ਕਿ ਮੈਨੂੰ ਜਦ ਇਸ ਹਾਦਸੇ ਦਾ ਪਤਾ ਲੱਗਾ ਤਾਂ ਮੈਂ ਪਰਿਵਾਰ ਦੀ ਮੰਗ ਉਤੇ ਨੌਜਵਾਨ ਦਿਲਪ੍ਰੀਤ ਸਿੰਘ ਦੀ ਮਿ੍ਰਤਕ ਦੇਹ ਭਾਰਤ ਲਿਆਉਣ ਲਈ ਯਤਨ ਆਰੰਭੇ, ਜੋ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਫਲ ਹੋਏ ਹਨ। ਉਨਾਂ ਕਿਹਾ ਕਿ ਹੋਣੀ ਨੂੰ ਅਸੀਂ ਟਾਲ ਤਾਂ ਨਹੀਂ ਸਕਦੇ ਪਰ ਜੇਕਰ ਦੁੱਖ ਦੀ ਘੜੀ ਵਿਚ ਸ਼ਰੀਕ ਹੁੰਦੇ ਹਾਂ ਤਾਂ ਉਸ ਨਾਲ ਪਰਿਵਾਰ ਦਾ ਦੁੱਖ ਵੰਡਿਆ ਜਾਂਦਾ ਹੈ। ਸ. ਧਾਲੀਵਾਲ ਨੇ ਕਿਹਾ ਕਿ ਬਤੌਰ ਪਰਵਾਸੀ ਮਾਮਲੇ ਮੰਤਰੀ ਮੇਰਾ ਫਰਜ਼ ਸੀ ਕਿ ਮੈਂ ਇਸ ਪਰਿਵਾਰ ਦੀ ਮਦਦ ਕਰਦਾ, ਸੋ ਮੈਂ ਇਸ ਧਰਮ ਨੂੰ ਸਮਝਦੇ ਹੋਏ ਇਹ ਕੋਸ਼ਿਸ਼ ਕੀਤੀ ਪਰ ਮੇਰੀ ਦਿੱਲੀ ਇੱਛਾ ਹੈ ਕਿ ਇਸ ਤਰਾਂ ਦੀ ਮਦਦ ਅੱਗੇ ਤੋਂ ਕਿਸੇ ਵੀ ਪਰਿਵਾਰ ਨੂੰ ਨਾ ਪਵੇ ਤੇ ਸਾਰੇ ਨੌਜਵਾਨ ਹਸਦੇ ਵੱਸਦੇ ਆਪਣੀ ਕਮਾਈ ਕਰਨ।

You May Also Like