ਪਾਕਿਸਤਾਨ ਚ ਬੱਸ ਨੂੰ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ, 11 ਜ਼ਖਮੀ

ਪਾਕਿਸਤਾਨ, 20 ਅਗਸਤ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪਾਕਿਸਤਾਨ ਦੇ ਪੰਜਾਬ ਦੇ ਪਿੰਡੀ ਭੱਟੀਆਂ ਇਲਾਕੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਫੈਸਲਾਬਾਦ ਮੋਟਰਵੇਅ ‘ਤੇ ਐਤਵਾਰ ਤੜਕੇ ਇਕ ਬੱਸ ਨੂੰ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਦੇ ਨਿਊਜ਼ ਚੈਨਲ ਨੇ ਬਚਾਅ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਬੱਸ 35 ਤੋਂ 40 ਯਾਤਰੀਆਂ ਨੂੰ ਲੈ ਕੇ ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਸੀ। ਰਿਪੋਰਟ ਮੁਤਾਬਕ ਜ਼ਿਲ੍ਹਾ ਪੁਲਿਸ ਅਧਿਕਾਰੀ ਡਾ. ਫਹਾਦ ਨੇ ਦੱਸਿਆ ਕਿ ਡੀਜ਼ਲ ਦੇ ਡਰੰਮ ਲੈ ਕੇ ਜਾ ਰਹੀ ਪਿਕਅੱਪ ਵੈਨ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਫਹਾਦ ਨੇ ਦੱਸਿਆ ਕਿ ਜ਼ਿਆਦਾਤਰ ਜ਼ਖਮੀ ਯਾਤਰੀਆਂ ਦੀ ਹਾਲਤ ਨਾਜ਼ੁਕ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੋਵੇਂ ਵਾਹਨਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ, ਹਾਦਸੇ ਵੇਲੇ ਆਸਪਾਸ ਮੌਜੂਦ ਲੋਕਾਂ ਨੇ ਬੱਸ ਦੀਆਂ ਖਿੜਕੀਆਂ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।

You May Also Like