ਮੁਕਤਸਰ ਬੱਸ ਹਾਦਸੇ ‘ਚ 2 ਦਿਨਾਂ ਮਗਰੋਂ ਲਾਪਤਾ ਹੋਏ ਨੌਜਵਾਨ ਦੀ ਮਿਲੀ ਲਾਸ਼

ਮੁਕਤਸਰ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮੁਕਤਸਰ ਦੇ ਥਾਂਦੇਵਾਲਾ ਹੈੱਡ ‘ਤੇ ਬੱਸ ਹਾਦਸੇ ‘ਚ ਲਾਪਤਾ ਹੋਏ ਨੌਜਵਾਨ ਦੀ ਲਾਸ਼ ਮਿਲੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਰਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਜੋਂ ਹੋਈ ਹੈ, ਜੋ ਕਿ ਲੈਬ ਵਿੱਚ ਕੰਮ ਕਰਦਾ ਸੀ। ਇਸ ਲੜਕੇ ਦਾ ਪਰਿਵਾਰ ਪਿਛਲੇ 2 ਦਿਨਾਂ ਤੋਂ ਆਪਣੇ ਲੜਕੇ ਦੀ ਭਾਲ ਲਈ ਨਹਿਰ ਉਪਰ ਪੁੱਜਿਆ ਹੋਇਆ ਸੀ। ਰਜਿੰਦਰ ਨਿਊ ​​ਦੀਪ ਟਰੈਵਲ ਕੰਪਨੀ ਦੀ ਬੱਸ ਵਿੱਚ ਖੂਨ ਦੇ ਸੈਂਪਲ ਲੈਣ ਲਈ ਰੋਜ਼ਾਨਾ ਮੁਕਤਸਰ ਤੋਂ ਕੋਟਕਪੂਰਾ ਜਾਂਦਾ ਸੀ। ਘਟਨਾ ਵਾਲੇ ਦਿਨ ਰਾਜਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਸਾਈਡ ਬੱਸ ਵਿਚ ਸਵਾਰ ਸੀ, ਜਿਸ ਦੀ ਨਹਿਰ ਦੇ ਪਾਣੀ ਦੇ ਤੇਜ਼ ਬਹਾਵ ਵਿਚ ਰੁੜਣ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ।

ਮੌਤ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰ ਵਾਲੇ ਮੁਕਤਸਰ ਦੇ ਸਿਵਲ ਹਸਪਤਾਲ ਪਹੁੰਚੇ। ਪੁਲਿਸ ਉਨ੍ਹਾਂ ਦੇ ਬਿਆਨ ਲੈ ਰਹੀ ਹੈ। ਪਿੰਡ ਵੜਿੰਗ ਦੇ ਗੋਤਾਖੋਰ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦਾ ਫੋਨ ਆਇਆ ਸੀ ਕਿ ਥਾਂਦੇਵਾਲਾ ਹੈੱਡ ਨੇੜੇ ਇੱਕ ਲਾਸ਼ ਪਈ ਹੈ। ਇਸ ’ਤੇ ਉਹ ਅਤੇ ਉਸ ਦਾ ਸਾਥੀ ਬੰਟੀ ਡੱਲੇ ਜਗਰਾਉਂ ਸਮੇਤ ਹੋਰ ਵਿਅਕਤੀਆਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ। ਹਾਦਸੇ ਵਿੱਚ ਮਾਰੇ ਗਏ ਅੱਠ ਵਿਅਕਤੀਆਂ ਦੀਆਂ ਲਾਸ਼ਾਂ ਵੀ ਹਰਪ੍ਰੀਤ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਬਰਾਮਦ ਕਰ ਲਈਆਂ ਹਨ। ਬੱਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਨੌਂ ਹੋ ਗਈ ਹੈ।

You May Also Like