ਪੁਲਿਸ ਹੱਥੀਂ ਚੜਿਆ ਫਰਜ਼ੀ ਐਸ.ਐਚ.ਓ, ਲੋਕਾਂ ਤੋਂ ਫੋਨ ਤੇ ਮੰਗ ਰਿਹਾ ਸੀ ਪੈਸੇ

(ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਗੜ੍ਹਸ਼ੰਕਰ ਦੀ ਪੁਲਿਸ ਨੇ ਇੱਕ ਨਕਲੀ ਐਸਐਚਓ ਨੂੰ ਉਸਦੇ ਸਾਥੀ ਸਮੇਤ ਕਾਬੂ ਕੀਤਾ ਹੈ ਜੋ ਐਸਐਚਓ ਦੇ ਨਾਮ ਉੱਤੇ ਲੋਕਾਂ ਤੋਂ ਫੋਨ ਉੱਤੇ ਪੈਸੇ ਮੰਗ ਰਿਹਾ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਇੰਸਪੈਕਟਰ ਜੈਪਾਲ ਗੜ੍ਹਸ਼ੰਕਰ ਥਾਣੇ ਦਾ ਐਸਐਚਓ ਹੈ, ਦੋਸ਼ੀ ਉਸ ਦੇ ਨਾਂ ’ਤੇ ਠੱਗੀ ਮਾਰ ਰਹੇ ਸਨ। ਜਾਂਚ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਮਨਜੀਤ ਸਿੰਘ ਉਰਫ਼ ਮਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਸਲੇਮ ਟਾਬਰੀ, ਲੁਧਿਆਣਾ ਅਤੇ ਸੁਰਿੰਦਰ ਕੁਮਾਰ ਉਰਫ਼ ਲੱਡੂ ਪੁੱਤਰ ਸੋਭਾ ਰਾਮ ਵਾਸੀ ਅਮਰ ਨਗਰ, ਸ਼ੇਰਪੁਰ, ਲੁਧਿਆਣਾ ਵਜੋਂ ਹੋਈ ਹੈ। ਜਿਸ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਰਾਕੇਸ਼ ਕੁਮਾਰ ਨਾਂ ਦੇ ਵਿਅਕਤੀ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਉਕਤ ਦੋਸ਼ੀਆਂ ਨੇ ਪੀੜਤ ਨੂੰ ਮਾਮਲੇ ‘ਚ ਬਚਾਉਣ ਲਈ ਕਰੀਬ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਪੀੜਤ ਨੇ ਕਰੀਬ 35 ਹਜ਼ਾਰ ਰੁਪਏ ਦੇ ਦਿੱਤੇ, ਪਰ ਪੁਲਿਸ ਨੇ ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਉਸ ਨੂੰ ਛੱਡਣ ਦੀ ਵਾਰੀ ਆਈ ਤਾਂ ਪਤਾ ਲੱਗਾ ਕਿ ਮੁਲਜ਼ਮ ਐਸਐਚਓ ਨਹੀਂ ਸਗੋਂ ਕੋਈ ਹੋਰ ਹੈ। ਮਾਮਲੇ ਸਬੰਧੀ ਸ਼ਿਕਾਇਤ ਦਿੱਤੀ ਸੀ, ਜਾਂਚ ਤੋਂ ਬਾਅਦ ਉਕਤ ਮੁਲਜ਼ਮ ਦਾ ਨਾਂ ਸਾਹਮਣੇ ਆਇਆ। ਜਦੋਂ ਜਾਂਚ ਅੱਗੇ ਵਧੀ ਤਾਂ ਪੁਲਿਸ ਨੇ ਉਸ ਦੇ ਇੱਕ ਸਾਥੀ ਸੁਰਿੰਦਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਲਦ ਹੀ ਪੁਲਸ ਦੋਵਾਂ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ।

You May Also Like