ਕਿਰਤੀ ਮਜਦੂਰ ਵਿਰੋਧੀ ਜਾਰੀ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਸ ਕਰਵਾਉਣ ਲਈ ਕੀਤਾ ਸੰਘਰਸ਼ ਦਾ ਐਲਾਨ
ਲੁਧਿਆਣਾ 25 ਸਤੰਬਰ (ਹਰਮਿੰਦਰ ਮੱਕੜ ) – ਭਾਰਤ ਸਰਕਾਰ ਵੱਲੋਂ ਕਰੋਨਾ ਕਾਲ ਦੇ ਸਮੇਂ ਦੌਰਾਨ ਰਾਜ ਸਰਕਾਰਾਂ ਨੂੰ ਆਪਣੇ ਨਵੇਂ ਲੇਬਰ ਕਾਨੂੰਨ ਬਣਾਉਣ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਮ ਲੋਕਾਂ ਦੀ ਹਿਤੈਸ਼ੀ ਹੋਣ ਦੇ ਫੋਕੇ ਦਾਅਵੇ ਕਰਨ ਵਾਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਵਰਤਮਾਨ ਪੰਜਾਬ ਸਰਕਾਰ ਨੇ ਕਿਰਤੀ-ਮਜਦੂਰ ਵਰਗ ਨੂੰ ਰਾਹਤ ਦੇਣ ਦੀ ਬਜਾਏ ਲੇਬਰ ਕਾਨੂੰਨਾਂ ਵਿਚ ਸ਼ੋਧ ਕਰਕੇ ਮਜ਼ਦੂਰ ਦੇ ਕੰਮ ਕਰਨ ਦੀ ਦਿਹਾੜੀ 8 ਘੰਟੇ ਤੋਂਂ ਵਧਾ ਕੇ 12 ਘੰਟੇ ਕਰਨ ਲਈ ਪੰਜਾਬ ਸਰਕਾਰ ਦੇ ਲੇਬਰ ਵਿਭਾਗ ਵੱਲੋਂ ਮਿਤੀ 20-09-2023 ਨੂੰ ਇਕ ਨੋਟੀਫਿਕੇਸ਼ਨ ਨੰਬਰ ਈ-517838/943 ਜਾਰੀ ਕਰਕੇ ਕਿਰਤੀਆਂ ਦੇ ਵਿਰੋਧ ਵਿਚ ਫੈਸਲਾ ਲਿਆ ਗਿਆ ਹੈ, ਜਿਸਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵੱਲੋਂ ਮੁੱਢੋ ਰੱਦ ਕਰਦੇ ਹੋਏ ਕਿਰਤੀਆਂ ਦੇ ਵਿਰੋਧ ’ਚ ਲਏ ਮਾਰੂ ਫੈਸਲੇ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਅੱਜ ਇਥੇ ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਉਪਰੋਕਤ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ ਨੇ ਕਿਹਾ ਕਿ ਮਈ ਦਿਵਸ ਦੇ ਮਹਾਨ ਸ਼ਹੀਦਾਂ ਵੱਲੋਂ ਸਾਲਾਂਬੱਧੀ ਅਰਸ਼ੇ ਤੱਕ ਲੜੇ ਸੰਘਰਸ਼ਾਂ ਦੀ ਬਦੌਲਤ ਕਿਰਤੀ-ਮਜਦੂਰ ਦੇ ਕੰਮ ਕਰਨ ਲਈ 8 ਘੰਟੇ ਕੰਮ ਦਿਹਾੜੀ ਤੈਅ ਕਰਵਾਈ ਗਈ ਸੀ ਪਰ ਹੁਣ ਮੌਜੂਦਾ ਪੰਜਾਬ ਸਰਕਾਰ ਵੱਲੋਂ ਕਿਰਤੀਆਂ ਦੇ ਖਿਲਾਫ ਹਮਲਾ ਕਰਕੇ ਦਿਹਾੜੀ 12 ਘੰਟੇ ਕੰਮ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਕੰਮ ਕਰਨ ਦਾ ਸਮਾਂ ਵਧਾ ਦਿੱਤਾ ਗਿਆ ਹੈ। ਉਥੇ ਇਹ ਮਹਾਨ ਸ਼ਹੀਦ ਵੱਲੋਂ ਦਿੱਤੀ ਕੁਰਬਾਨੀ ਨੂੰ ਅਣਦੇਖਾ ਕਰਦੇ ਹੋਏ ਇਕ ਵਾਰ ਫਿਰ ਹਾਕਮ ਜਮਾਤਾਂ ਵੱਲੋਂ ਕਿਰਤੀਆਂ ਦੇ ਖਿਲਾਫ 1886 ਤੋਂ ਪਹਿਲਾਂ ਵਾਲੇ ਬੰਧੂਆਂ ਮਜਦੂਰਾਂ ਵਾਲੀ ਹਲਾਤ ਪੈਦਾ ਕਰਨ ਲਈ ਅਤੇ ਕਾਰਪੋਰੇਟਰਾਂ ਦੀ ਸੇਵਾ ਲਈ ਮਾਰੂ ਫੈਸਲਾ ਲਿਆ ਗਿਆ ਹੈ।
26 ਸਤੰਬਰ ਨੂੰ ਸਾਰੇ ਪੰਜਾਬ ’ਚ ਬ੍ਰਾਂਚ ਪੱਧਰੀ ਰੋਹ ਭਰਪੂਰ ਪ੍ਰਦਰਸ਼ਨ ਕਰਨ ਉਪਰੰਤ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ – ਵਰਿੰਦਰ ਸਿੰਘ ਮੋਮੀ
ਇਹ ਸਰਕਾਰ ਦਾ ਮਾਰੂ ਫੈਸਲਾ ਪੰਜਾਬ ਦੇ ਸਿਰਫ ਠੇਕਾ ਮੁਲਾਜਮਾਂ ਦੇ ਵਿਰੋਧ ਲਈ ਹੀ ਨਹੀਂ ਹੈ, ਬਲਕਿ ਇਹ ਪੂਰੇ ਹਿੰਦੁਸਤਾਨ ਦੇ ਸਾਰੇ ਕਿਰਤੀ ਮਜਦੂਰਾਂ ਵਸਤੇ ਇਕ ਚਣੌਤੀ ਹੈ ਕਿਉਕਿ ਜਿਹੜੇ ਅੱਜ ਤੱਕ ਮਹਾਨ ਸ਼ਹੀਦਾਂ ਦੇ ਵਾਰਸ ਮੰਨ ਕੇ ਉਨ੍ਹਾਂ ਦੀ ਵਿਚਾਰਧਾਰਾਂ ਤੇ ਚੱਲਣ ਦਾ ਪ੍ਰਣ ਕਰਦੇ ਰਹੇ ਹਨ, ਅੱਜ ਉਹੀ ਕਿਰਤੀ-ਮਜਦੂਰ ਵਿਰੋਧੀ ਅਤੇ ਕਾਰਪੋਰੇਟਰਾਂ ਦੇ ਹਿੱਤਾਂ ਲਈ ਨੀਤੀਆਂ ਲਾਗੂ ਕਰ ਰਹੇ ਹਨ, ਇਨ੍ਹਾਂ ਕਿਰਤੀ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਦੇ ਨਾਲ ਨਾਲ 8 ਘੰਟੇ ਕੰਮ ਦਿਹਾੜੀ ਸਮੇਤ ਤਮਾਮ ਲੇਬਰ ਕਾਨੂੰਨਾਂ ਦੀ ਰਾਖੀ ਕਰਨ ਦਾ ਸਵਾਲ ਸਾਡੇ ਸਾਹਮਣੇ ਸਭ ਤੋਂ ਵੱਧ ਪ੍ਰਮੁੱਖ ਹੈ। ਜਿਸ ਸਬੰਧ ਵਿਚ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੋਂ ਇਹ ਫੈਸਲਾ ਲਿਆ ਗਿਆ ਹੈ ਕਿ ਮਿਤੀ 26 ਸਤੰਬਰ ਨੂੰ ਸਾਰੇ ਪੰਜਾਬ ਦੇ ਅੰਦਰ ਸਰਕਾਰ ਦੇ ਇਸ ਹਮਲੇ ਵਿਰੁੱਧ ਰੈਲੀਆਂ ਅਤੇ ਰੋਸ ਮਾਰਚ ਕਰਨ ਉਪਰੰਤ ਮਜਦੂਰ ਵਿਰੋਧੀ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਭਵਿੱਖ ਵਿਚ ਇਸਨੂੰ ਮਜਦੂਰ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲੈਣ ਲਈ ਸੰਘਰਸ਼ ਲੜਨ ਦਾ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਪਰੋਕਤ ਯੂਨੀਆਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਕੁਤਬੇਵਾਲ, ਹਾਕਮ ਸਿੰਘ ਧਨੇਠਾ, ਰੁਪਿੰਦਰ ਸਿੰਘ ਫਿਰੋਜਪੁਰ, ਜਗਰੂਪ ਸਿੰਘ, ਮਨਪ੍ਰੀਤ ਸਿੰਘ , ਸੰਦੀਪ ਖਾਂ ਬਠਿੰਡਾ, ਪ੍ਰਦੂਮਣ ਸਿੰਘ , ਉਂਕਾਰ ਸਿੰਘ ਹੁਸ਼ਿਆਰਪੁਰ, ਸੁਰਿੰਦਰ ਸਿੰਘ ਮਾਨਸਾ, ਬਲਜੀਤ ਭੱਟੀ ਮੁਕਤਸਰ, ਤਜਿੰਦਰ ਮਾਨ , ਗੁਰਵਿੰਦਰ ਤਰਨਤਾਰਨ, ਜਸਵੀਰ ਰੋਪੜ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਮਿਤੀ 26 ਸਤੰਬਰ 2023 ਦਿਨ ਮੰਗਲਵਾਰ ਨੂੰ ਪੰਜਾਬ ਭਰ ਵਿਚ ਬ੍ਰਾਂਚ ਪੱਧਰ ’ਤੇ ਰੋਹ ਭਰਪੂਰ ਵਿਰੋਧ ਪ੍ਰਦਰਸ਼ਨ ਕਰਨ ਉਪਰੰਤ ਪੰਜਾਬ ਸਰਕਾਰ ਦੇ ਲੇਬਰ ਵਿਭਾਗ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਪੱਤਰ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਵੇਗੀ ਕਿ ਜੇਕਰ ਇਹ ਕਿਰਤੀ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸ਼ੁਰੂ ਕੀਤੇ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਲੋੜ ਪੈਣ ’ਤੇ ਮਜਬੂਰਨ ਤੇਜ ਕੀਤਾ ਜਾ ਸਕਦਾ ਹੈ।