ਅੰਮ੍ਰਿਤਸਰ, 21 ਅਗਸਤ (ਰਾਜੇਸ਼ ਡੈਨੀ) – ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੱਛਮੀ ਦੇ ਅਧੀਨ ਪੈਂਦੇ ਖੇਤਰ ਛੇਹਰਟਾ ਵਿਖੇ ਚਿਕਨਗੁਣੀਆਂ, ਡੇਂਗੂ ਅਤੇ ਆਈ ਫਲੂ ਦਾ ਕਹਿਰ ਪੂਰੇ ਜ਼ੋਰਾਂ ‘ਤੇ ਹੈ, ਪਰ ਜ਼ਿਲ੍ਹੇ ਦਾ ਸਿਹਤ ਵਿਭਾਗ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੈ। ਇੰਨ੍ਹਾਂ ਅਬਦਾਂ ਦਾ ਪ੍ਰਗਟਾਵਾ ਰਾਸ਼ਟਰੀ ਭੰਗਵਾ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਅਤੇ ਪੰਜਾਬ ਦੇ ਉੱਪ ਪ੍ਰਧਾਨ ਰਿੱਕੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਛੇਹਰਟਾ ਖੇਤਰ ਦੇ ਕਈ ਪਰਿਵਾਰਾਂ ਦੇ ਪਰਿਵਾਰ ਇਸ ਭਿਆਨਕ ਬਿਮਾਰੀ ਤੋਂ ਪੀੜ੍ਹਤ ਹਨ ਅਤੇ ਡਾਕਟਰਾਂ ਦੀਆਂ ਦੁਕਾਨਾਂ ਵਿੱਚ ਮਰੀਜਾਂ ਦੀ ਗਿਣਤੀ ਧੜਾ-ਧੜ ਲੱਗੀ ਹੋਈ ਹੈ, ਪਰ ਇਸ ਸਭ ਦੇ ਬਾਵਜੂਦ ਵੀ ਹਲਕੇ ਦਾ ਵਿਧਾਇਕ ਅਤੇ ਨਾ ਹੀ ਸਿਹਤ ਵਿਭਾਗ ਇੰਨ੍ਹਾਂ ਪੀੜ੍ਹਤ ਪਰਿਵਾਰਾਂ ਦੀ ਕੋਈ ਸਾਰ ਲੈਣ ਆ ਰਿਹਾ ਹੈ। ਪੰਕਜ ਦਵੇਸਰ ਅਤੇ ਰਿੱਕੀ ਸ਼ਰਮਾ ਨੇ ਅੱਗੇ ਕਿਹਾ ਕਿ ਅਜਿਹਾ ਛੇਹਰਟਾ ਦਾ ਸੀਵਰੇਜ ਸਿਸਟਮ ਠੀਕ ਨਾ ਹੋਣ ਕਾਰਨ ਹੋ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਲਣ ਕਾਰਨ ਤੇ ਸੀਵਰੇਜ ਉਵਰ ਫਲੋਂ ਹੋਣ ਕਾਰਣ ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਆਉਣ ਕਰਕੇ ਸਥਾਨਕ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਛੇਹਰਟਾ ਖੇਤਰ ਦੀ ਇਸ ਅਹਿਮ ਸਮੱਸਿਆ ਨੂੰ ਤੁਰੰਤ ਹੱਲ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਇਕ ਪੱਤਰ ਵੀ ਲਿਿਖਆ ਗਿਆ ਹੈ ਅਤੇ ਆਸ ਹੈ ਕਿ ਸਰਕਾਰ ਤੇ ਜ਼ਿਲ੍ਹੇ ਦਾ ਸਿਹਤ ਵਿਭਾਗ ਆਪਣੀਆਂ ਟੀਮਾਂ ਭੇਜ ਕੇ ਇਸ ਸਮੱਸਿਆ ਨੂੰ ਹੱਲ ਕਰਨ ਦਾ ਯਤਨ ਕਰਨਗੇ। ਅਖੀਰ ਵਿਚ ਪੰਕਜ ਦਵੇਸਰ ਅਤੇ ਰਿੱਕੀ ਸ਼ਰਮਾ ਨੇ ਹਲਕਾ ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਕਿ ਉਹ ਛੇਹਰਟਾ ਖੇਤਰ ਦੀ ਸਾਫ ਸਫਾਈ ਤੇ ਸੀਵਰੇਜ ਸਿਸਟਮ ਠੀਕ ਕਰਨ ਦੇ ਨਾਲ-ਨਾਲ ਸਿਹਤ ਅਧਿਕਾਰੀਆਂ ਨੂੰ ਛੇਹਰਟਾ ਖੇਤਰ ਵਿਚ ਸਿਹਤ ਟੀਮਾਂ ਭੇਜਣ ਦੀ ਮੰਗ ਕੀਤੀ ਹੈ।
ਆਖਿਰ ਸਿਹਤ ਵਿਭਾਗ ਕਦੋਂ ਲਵੇਗਾ ਛੇਹਰਟਾ ਖੇਤਰ ਦੀ ਸਾਰ, ਲੋਕ ਹੋ ਰਹੇ ਨੇ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ : ਦਵੇਸਰ, ਰਿੱਕੀ ਸ਼ਰਮਾ
