ਆਪ ਵਿਧਾਇਕ ਦੇ ਜੀਜੇ ਦੀ ਕੁੱਟਮਾਰ ਦੇ ਮਾਮਲੇ ਚ ਵੱਡੀ ਕਾਰਵਾਈ, ਇੰਸਪੈਕਟਰ ਸਮੇਤ 5 ਪੁਲਿਸ ਮੁਲਾਜ਼ਮ ਮੁਅੱਤਲ

ਤਰਨ ਤਾਰਨ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜੇ ਦੀ ਹਿਰਾਸਤ ਦੌਰਾਨ ਕੁੱਟਮਾਰ ਦੇ ਮਾਮਲੇ ਮਗਰੋਂ ਪੁਲਿਸ ਮੁਲਾਜ਼ਮਾਂ ਵਿਰੁਧ ਕਾਰਵਾਈ ਕੀਤੀ ਗਈ ਹੈ। ਮਾਮਲੇ ਵਿਚ ਇੰਸਪੈਕਟਰ ਸਮੇਤ 5 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਤਰਨ ਤਾਰਨ ਦੇ ਐਸ.ਐਸ.ਪੀ. ਗੁਰਮੀਤ ਸਿੰਘ ਚੌਹਾਨ ਦੀ ਬਦਲੀ ਕਰ ਦਿਤੀ ਗਈ ਹੈ। ਗੁਰਮੀਤ ਸਿੰਘ ਚੌਹਾਨ ਨੂੰ ਡੀ.ਜੀ.ਪੀ. ਨੂੰ ਰੀਪੋਰਟ ਕਰਨ ਦੇ ਹੁਕਮ ਦਿਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਸੁਖਬੀਰ ਸਿੰਘ, ਐਸ.ਆਈ ਪ੍ਰਭਜੀਤ ਸਿੰਘ, ਐਸ.ਆਈ ਸੁਰਜੀਤ ਸਿੰਘ, ਏ.ਐਸ.ਆਈ. ਪਰਮਦੀਪ ਸਿੰਘ, ਏ.ਐਸ.ਆਈ ਹਰਮੀਕ ਸਿੰਘ ਨੂੰ ਫੌਰੀ ਤੌਰ ’ਤੇ ਮੁਅੱਤਲ ਕਰਕੇ ਬਦਲੀ ਪੁਲਿਸ ਲਾਈਨ ਤਰਨ ਤਾਰਨ ਕੀਤੀ ਗਈ ਹੈ, ਜਿਥੇ ਇਹ ਕਰਮਚਾਰੀ ਹਾਜ਼ਰ ਰਹਿ ਕੇ ਪੀ.ਪੀ.ਆਰ 16.21 ਤਹਿਤ ਸਾਰੀਆਂ ਗਿਣਤੀਆਂ ਅਤੇ ਖੇਡਾਂ ਵਿਚ ਸ਼ਾਮਲ ਹੋਣਗੇ ਅਤੇ ਪੰਜਾਬ ਸਿਵਲ ਸਰਵਿਸ ਰੂਲ 7.2(2)ਏ ਭਾਗ ਪਹਿਲਾ ਜਿਲਦ ਪਹਿਲੀ ਤਹਿਤ ਅੱਧੀ ਤਨਖਾਹ ਅਤੇ ਭੱਤੇ ਆਦਿ ਹਾਸਿਲ ਕਰਨ ਦੇ ਹੱਕਦਾਰ ਹੋਣਗੇ। ਦੱਸ ਦੇਈਏ ਕਿ ਬੀਤੇ ਦਿਨ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਐਸ.ਐਸ.ਪੀ. ਵਿਰੁਧ ਫ਼ੇਸਬੁੱਕ ਪੋਸਟ ਪਾ ਕੇ ਖੁਲਾਸਾ ਕੀਤਾ ਸੀ ਕਿ ਉਸ ਨੇ ਉਨ੍ਹਾਂ ਦੇ ਜੀਜੇ ’ਤੇ ਝੂਠਾ ਕੇਸ ਬਣਾਇਆ ਹੈ।

You May Also Like