ਪਾਕਿਸਤਾਨ ‘ਚ ਵੱਡਾ ਬੰਬ ਬਲਾਸਟ, 34 ਲੋਕਾਂ ਦੀ ਮੌਤ

(ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪਾਕਿਸਤਾਨ ਦਾ ਬਲੋਚਿਸਤਾਨ ਸ਼ੁੱਕਰਵਾਰ ਨੂੰ ਇੱਕ ਹੋਰ ਵੱਡੇ ਧਮਾਕੇ ਨਾਲ ਹਿੱਲ ਗਿਆ ਹੈ। ਇੱਥੇ ਮਸਤੁੰਗ ਜ਼ਿਲ੍ਹੇ ਵਿੱਚ ਮਦੀਨਾ ਮਸਜਿਦ ਦੇ ਕੋਲ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਵਿੱਚ ਹਮਲਾਵਰਾਂ ਨੇ ਮਸਜਿਦ ਦੇ ਨੇੜੇ ਤੋਂ ਲੰਘ ਰਹੇ ਈਦ ਮਿਲਾਦ-ਉਨ-ਨਬੀ ਦੇ ਜਲੂਸ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਧਮਾਕੇ ‘ਚ 34 ਲੋਕਾਂ ਦੀ ਮੌਤ ਹੋ ਗਈ ਹੈ। ਪਰ ਅਜੇ ਤੱਕ ਇਸਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਹਮਲੇ ‘ਚ 30 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਧਮਾਕਾ ਬਹੁਤ ਜ਼ਬਰਦਸਤ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮਸਤੁੰਗ ਦੇ ਸਹਾਇਕ ਕਮਿਸ਼ਨਰ ਅਤਾਹੁਲ ਮੁਨੀਮ ਨੇ ਜ਼ਖਮੀਆਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ।

ਧਮਾਕਾ ਡੀਐਸਪੀ ਗਿਸ਼ਕੋਰੀ ਦੀ ਕਾਰ ਵਿੱਚ ਹੋਇਆ, ਜੋ ਜਲੂਸ ਵਾਲੇ ਪਾਸੇ ਮੌਜੂਦ ਸਨ। ਐਸਐਚਓ ਮੁਹੰਮਦ ਜਾਵੇਦ ਲਹਿਰੀ ਨੇ ਦੱਸਿਆ ਹੈ ਕਿ ਇਸ ਘਟਨਾ ਵਿੱਚ ਇੱਕ ਪੁਲੀਸ ਮੁਲਾਜ਼ਮ ਦੀ ਵੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਆਤਮਘਾਤੀ ਧਮਾਕਾ ਸੀ। ਹਮਲਾਵਰ ਨੇ ਡੀਐਸਪੀ ਗਿਸ਼ਕੋਰੀ ਦੀ ਕਾਰ ਦੇ ਕੋਲ ਆਪਣੇ ਆਪ ਨੂੰ ਉਡਾ ਲਿਆ। ਧਮਾਕੇ ਤੋਂ ਬਾਅਦ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਖੂਨ ਨਾਲ ਲੱਥਪੱਥ ਲਾਸ਼ਾਂ ਅਤੇ ਸਰੀਰ ਦੇ ਕੱਟੇ ਹੋਏ ਅੰਗ ਹਰ ਪਾਸੇ ਖਿੱਲਰੇ ਦਿਖਾਈ ਦੇ ਰਹੇ ਹਨ। ਅਜੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਬਲੋਚਿਸਤਾਨ ਸੂਬੇ ਦੇ ਅਧਿਕਾਰੀਆਂ ਨੇ ਪ੍ਰਭਾਵਿਤ ਇਲਾਕੇ ਨੂੰ ਘੇਰ ਲਿਆ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 

You May Also Like