ਗੁਰਦਾਸਪੁਰ: ਸੜਕ ‘ਤੇ ਪੈਦਲ ਜਾ ਰਹੇ ਤਿੰਨ ਨੌਜਵਾਨਾਂ ਨੂੰ ਅਣਪਛਾਤੇ ਵਾਹਨ ਨੇ ਕੁਚਲਿਆ, 1 ਦੀ ਹੋਈ ਮੌਤ

ਗੁਰਦਾਸਪੁਰ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਗੁਰਦਾਸਪੁਰ ਦੇ ਨੇੜਲੇ ਪਿੰਡ ਅਠਵਾਲ (ਭੁੱਲਰ) ਵਿਖੇ ਦੇਰ ਰਾਤ ਸੜਕ ‘ਤੇ ਪੈਦਲ ਜਾ ਰਹੇ ਤਿੰਨ ਦੋਸਤਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ। ਇਸ ਘਟਨਾ ਵਿਚ ਹੁਣ ਤੱਕ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਦਕਿ ਦੋ ਦੋਸਤਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵੇਂ ਜ਼ਖਮੀਆਂ ਦਾ ਦੋ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਅਠਵਾਲ ਦੇ ਕਿਸਾਨ ਆਗੂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹੋਣਹਾਰ ਨੌਜਵਾਨ ਮੁਮਤਾਜ਼ ਮਸੀਹ (21) ਪੁੱਤਰ ਹਰਦੇਵ ਮਸੀਹ ਆਪਣੇ ਦੋਸਤਾਂ ਅਮਨ ਅਤੇ ਦੀਪਕ ਨਾਲ ਬੀਤੀ ਰਾਤ 9.30 ਵਜੇ ਦੇਹਰ ਫੱਤੂਪੁਰ ਨੂੰ ਜਾਂਦੀ ਸੜਕ ‘ਤੇ ਪੈਦਲ ਜਾ ਰਿਹਾ ਸੀ। ਇਸੇ ਦੌਰਾਨ ਕਲਾਨੌਰ ਵੱਲੋਂ ਆ ਰਹੀ ਇਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ।

ਇਸ ਦੌਰਾਨ ਮੁਮਤਾਜ਼ ਮਸੀਹ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਉਸ ਦੇ ਦੋਸਤ ਅਮਨ ਅਤੇ ਦੀਪਕ ਗੰਭੀਰ ਜਖ਼ਮੀ ਹੋ ਗਏ ਜਿਹਨਾਂ ਨੂੰ ਅਲੱਗ-ਅਲੱਗ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦੇ ਸਬੰਧ ‘ਚ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁਮਤਾਜ਼ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ। ਪੁਲਿਸ ਜਲਦ ਹੀ ਦੋਸ਼ੀ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।

You May Also Like