ਡਿਬਰੂਗੜ੍ਹ (ਅਸਾਮ) ਜੇਲ੍ਹ ਵਿਚ ਬੰਦੀ ਬਣਾਏ ਗਏ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਮੁਲਾਕਾਤਾਂ ਉਤੇ ਲਗਾਈ ਗਈ ਰੋਕ ਨੂੰ ਸਹਿਣ ਨਹੀ ਕੀਤਾ ਜਾਵੇਗਾ : ਮਾਨ

ਅੰਮ੍ਰਿਤਸਰ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – “ਜਦੋਂ ਤੱਕ ਕੋਈ ਅਦਾਲਤ, ਕਾਨੂੰਨ ਕਿਸੇ ਨਾਗਰਿਕ ਨੂੰ ਅਦਾਲਤੀ ਪ੍ਰਕਿਰਿਆ ਵਿਚੋ ਲੰਘਣ ਉਪਰੰਤ ਦੋਸ਼ੀ ਨਹੀ ਠਹਿਰਾਅ ਦਿੰਦਾ, ਉਦੋ ਤੱਕ ਕਿਸੇ ਨੂੰ ਵੀ ਅਪਰਾਧੀ ਨਹੀ ਕਿਹਾ ਜਾ ਸਕਦਾ । ਪਰ ਦੁੱਖ ਅਤੇ ਅਫਸੋਸ ਹੈ ਕਿ ਇੰਡੀਆ ਦੇ ਹੁਕਮਰਾਨ ਅਤੇ ਉਨ੍ਹਾਂ ਦੇ ਘੱਟ ਗਿਣਤੀ ਕੌਮਾਂ ਵਿਰੋਧੀ ਪ੍ਰੋਗਰਾਮਾਂ ਵਿਚ ਸਹਿਯੋਗ ਕਰਨ ਵਾਲੀਆ ਪੰਜਾਬ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਲੰਮੇ ਸਮੇ ਤੋ ਸਿੱਖ ਕੌਮ ਨਾਲ ਅਜਿਹੇ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਢੰਗਾਂ ਰਾਹੀ ਵਿਵਹਾਰ ਕਰਦੀਆ ਆ ਰਹੀਆ ਹਨ ਜਿਵੇਕਿ ਉਹ ਇੰਡੀਆ ਵਿਚ ਹੋਣ ਵਾਲੇ ਸਭ ਗੈਰ ਕਾਨੂੰਨੀ ਅਮਲਾਂ ਲਈ ਜਿੰਮੇਵਾਰ ਹੋਣ। ਜਦੋਕਿ ਸਿੱਖ ਕੌਮ ਆਪਣੇ ਜਨਮ ਤੋ ਹੀ ਬਿਨ੍ਹਾਂ ਕਿਸੇ ਭੇਦਭਾਵ ਤੋ ਸਰਬੱਤ ਦਾ ਭਲਾ ਲੌੜਨ ਵਾਲੀ ਮਨੁੱਖਤਾ ਪੱਖੀ ਕੌਮ ਹੈ । ਪਰ ਹਕੂਮਤੀ ਸਾਜਿਸਾਂ ਦੀ ਬਦੌਲਤ ਸਿੱਖ ਨੌਜਵਾਨ ਆਗੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਨੂੰ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਬਿਨ੍ਹਾਂ ਕਿਸੇ ਵਜਹ ਦੇ ਨਿਸਾਨਾਂ ਬਣਾਕੇ ਪਹਿਲੇ ਅਖਬਾਰਾਂ, ਮੀਡੀਏ ਵਿਚ ਸਿੱਖ ਕੌਮ ਤੇ ਉਨ੍ਹਾਂ ਨੂੰ ਬਦਨਾਮ ਕੀਤਾ ਅਤੇ ਫਿਰ ਉਨ੍ਹਾਂ ਦੀ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰੀ ਕਰਕੇ ਪੰਜਾਬ ਤੋ ਹਜਾਰਾਂ ਕਿਲੋਮੀਟਰ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦੀ ਬਣਾ ਦਿੱਤਾ। ਜੋ ਕਿ ਇਹ ਕਾਰਵਾਈ ਪਹਿਲੋ ਹੀ ਗੈਰ ਕਾਨੂੰਨੀ ਤੇ ਅਣਮਨੁੱਖੀ ਸੀ ਹੀ, ਲੇਕਿਨ ਉਸ ਉਪਰੰਤ ਜਿਨ੍ਹਾਂ ਸਿੱਖਾਂ ਨੇ ਕੋਈ ਅਪਰਾਧ ਹੀ ਨਹੀ ਕੀਤਾ, ਕਿਸੇ ਕਾਨੂੰਨ ਨੂੰ ਨਹੀ ਤੋੜਿਆ, ਉਨ੍ਹਾਂ ਵਿਰੁੱਧ ਹਕੂਮਤੀ ਸਹਿ ਉਤੇ ਪੰਜਾਬ ਸਰਕਾਰ ਨੇ ਐਨ.ਐਸ.ਏ. ਵਰਗਾਂ ਜਾਬਰ ਕਾਨੂੰਨ ਲਾਗੂ ਕਰਨ ਦੇ ਅਮਲ ਕੀਤੇ । ਹੁਣ ਬੀਤੇ ਕੁਝ ਸਮੇ ਤੋ ਉਨ੍ਹਾਂ ਨਾਲ ਡਿਬਰੂਗੜ੍ਹ ਜੇਲ੍ਹ ਵਿਚ ਅਜਿਹਾ ਅਣਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੈ ਜਿਵੇ ਉਹ ਇੰਡੀਆ ਦੇ ਨਾਗਰਿਕ ਨਾ ਹੋ ਕੇ ਕਿਸੇ ਹੋਰ ਮੁਲਕ ਦੇ ਨਾਗਰਿਕ ਹੋਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਦੇ ਪਰਿਵਾਰਿਕ ਮੈਬਰਾਂ, ਵਕੀਲਾਂ ਤੇ ਹੋਰਨਾਂ ਹਮਦਰਦਾਂ ਦੀਆਂ ਜੇਲ੍ਹ ਵਿਚ ਡਿਪਟੀ ਕਮਿਸਨਰ ਅੰਮ੍ਰਿਤਸਰ ਵੱਲੋ ਲਗਾਈਆ ਗਈਆ ਗੈਰ ਵਿਧਾਨਿਕ ਰੋਕਾਂ ਅਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਕੇ ਸਹੀ ਢੰਗ ਨਾਲ ਖਾਣਾ ਦੇਣ, ਉਨ੍ਹਾਂ ਦੇ ਸਿੱਖੀ ਕਕਾਰਾਂ ਅਤੇ ਨਿਯਮਾਂ ਦੀ ਜਾਣਬੁੱਝ ਕੇ ਤੋਹੀਨ ਕਰਨ ਅਤੇ ਉਨ੍ਹਾਂ ਨਾਲ ਹਰ ਪੱਧਰ ਤੇ ਬਦਸਲੂਕੀ ਕਰਨ ਦੀਆਂ ਗੈਰ ਵਿਧਾਨਿਕ ਤੇ ਗੈਰ ਜਮਹੂਰੀਅਤ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ, ਸੈਟਰ, ਪੰਜਾਬ ਦੀਆਂ ਸਰਕਾਰਾਂ ਅਤੇ ਡਿਪਟੀ ਕਮਿਸਨਰ ਅੰਮ੍ਰਿਤਸਰ ਜਿਨ੍ਹਾਂ ਦੇ ਕਾਨੂੰਨੀ ਅਧਿਕਾਰ ਖੇਤਰ ਵਿਚ ਇਨ੍ਹਾਂ ਸਿੱਖਾਂ ਨਾਲ ਇਹ ਕੁਝ ਹੋ ਰਿਹਾ ਹੈ ਉਨ੍ਹਾਂ ਨੂੰ ਅਜਿਹੇ ਅਤਿ ਸ਼ਰਮਨਾਕ ਅਮਲਾਂ ਦੇ ਨਿਕਲਣ ਵਾਲੇ ਖਤਰਨਾਕ ਨਤੀਜਿਆ ਲਈ ਖਬਰਦਾਰ ਕਰਦੇ ਹੋਏ ਅਤੇ ਲਗਾਈਆ ਗਈਆ ਮੁਲਾਕਾਤੀ ਪਾਬੰਦੀਆ ਨੂੰ ਤੁਰੰਤ ਹਟਾਉਣ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਬੰਦੀ ਸਿੰਘਾਂ ਨਾਲ ਹੁਕਮਰਾਨ ਅਤੇ ਜੇਲ੍ਹ ਅਧਿਕਾਰੀ ਐਨਾ ਮਾੜਾ ਵਿਵਹਾਰ ਕਰ ਰਹੇ ਹਨ, ਉਹ ਇਸ ਗੱਲ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਨ੍ਹਾਂ ਸਿੱਖਾਂ ਨੂੰ ਜੇਲ੍ਹ ਵਿਚ ਭੁੱਖ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ ਜੋ ਕਈ ਦਿਨਾਂ ਤੋ ਇਸ ਭੁੱਖ ਹੜਤਾਲ ਤੇ ਹਨ । ਹੁਕਮਰਾਨ ਤੇ ਜੇਲ੍ਹ ਅਧਿਕਾਰੀ, ਅੰਮ੍ਰਿਤਸਰ ਨਿਜਾਮ ਇਸ ਅਤਿ ਗੰਭੀਰ ਮਸਲੇ ਉਤੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਦਿਨ ਬ ਦਿਨ ਅਜਿਹੇ ਦੁਖਾਂਤਿਕ ਅਮਲਾਂ ਦੀ ਬਦੌਲਤ ਸਿੱਖ ਕੌਮ ਵਿਚ ਉੱਠ ਰਹੇ ਰੋਹ ਨੂੰ ਉਹ ਨਜਰਅੰਦਾਜ ਕਰਕੇ ਵੱਡੀ ਗੁਸਤਾਖੀ ਕਰ ਰਹੇ ਹਨ। ਜੇਕਰ ਹੁਕਮਰਾਨਾਂ, ਜੇਲ੍ਹ ਅਧਿਕਾਰੀਆ ਅਤੇ ਡਿਪਟੀ ਕਮਿਸਨਰ ਅੰਮ੍ਰਿਤਸਰ ਨੇ ਇਸ ਅਤਿ ਗੰਭੀਰ ਵਿਸੇ ਉਤੇ ਸੰਜੀਦਗੀ ਨਾਲ ਅਮਲ ਨਾ ਕਰਦੇ ਹੋਏ ਡਿਬਰੂਗੜ੍ਹ ਜੇਲ੍ਹ ਵਿਚ ਬੰਦੀ ਸਿੱਖਾਂ ਨਾਲ ਕੀਤੇ ਜਾ ਰਹੇ ਵਿਵਹਾਰ ਨੂੰ ਫੌਰੀ ਸਹੀ ਨਾ ਕੀਤਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਦੀਆਂ ਮੁਲਾਕਾਤਾਂ ਕਰਨ ਦੀ ਕਾਨੂੰਨ ਅਨੁਸਾਰ ਖੁੱਲ੍ਹ ਨਾ ਦਿੱਤੀ ਤਾਂ ਸਿੱਖ ਕੌਮ ਨੂੰ ਮਜਬੂਰਨ ਜੋ ਕਦਮ ਉਠਾਉਣੇ ਪੈਣਗੇ, ਉਸ ਲਈ ਦੋਵੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਤੇ ਡਿਪਟੀ ਕਮਿਸਨਰ ਅੰਮ੍ਰਿਤਸਰ ਜਿੰਮੇਵਾਰ ਹੋਣਗੇ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਨੂੰ ਸੰਜੀਦਗੀ ਨਾਲ ਸੁਚੇਤ ਕਰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਸਾਥੀਆ ਨਾਲ ਕੀਤਾ ਜਾ ਰਿਹਾ ਦੁਰਵਿਹਾਰ ਤੁਰੰਤ ਬੰਦ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਮੁਲਾਕਾਤਾਂ ਕਰਨ ਦੀ ਫੋਰੀ ਇਜਾਜਤ ਦੇ ਹੁਕਮ ਕੀਤੇ ਜਾਣ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਕੱਲ੍ਹ ਮਿਤੀ 05 ਅਕਤੂਬਰ ਨੂੰ ਅੰਮ੍ਰਿਤਸਰ, ਤਰਨਤਾਰਨ, ਜਲੰਧਰ ਦੇ ਪਾਰਟੀ ਜਿਲ੍ਹੇ ਡਿਪਟੀ ਕਮਿਸਨਰ ਅੰਮ੍ਰਿਤਸਰ ਨੂੰ ਇਸ ਵਿਸੇ ਤੇ ਯਾਦ ਪੱਤਰ ਦੇਣਗੇ । ਜੇਕਰ ਸਾਡੇ ਯਾਦ ਪੱਤਰ ਉਪਰੰਤ ਵੀ ਕੋਈ ਹਕੂਮਤੀ ਹਿੱਲਜੁਲ ਨਾ ਹੋਈ ਫਿਰ ਇਸ ਵਿਸੇ ਤੇ ਸਮੁੱਚੀ ਕੌਮ ਨਾਲ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।

You May Also Like