ਚੰਡੀਗੜ੍ਹ ‘ਚ ਵਾਪਰਿਆ ਵੱਡਾ ਹਾਦਸਾ, ਰੈਸਟੋਰੈਂਟ ਬਣਾਉਂਦੇ ਸਮੇਂ ਡਿੱਗੀ ਛੱਤ

ਚੰਡ੍ਹੀਗੜ੍ਹ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਚੰਡੀਗੜ੍ਹ ਦੇ ਸੈਕਟਰ 33 ਵਿੱਚ ਟੈਰੇਸ ਗਾਰਡਨ ਕੋਲ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਦੇ ਬੂਥ ਦੀ ਇੱਕ ਛੱਤ ਡਿੱਗ ਗਈ ਹੇ ਜਿਸ ਦੇ ਥੱਲ੍ਹੇ 4 ਮਜ਼ਦੂਰ ਦੱਬ ਗਏ ਹਨ। ਉੱਥੇ ਹੀ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ ਹੈ ਪਰ ਇਕ ਵਿਅਕਤੀ ਅਜੇ ਵੀ ਫਸਿਆ ਹੋਇਆ ਹੈ। ਇਸ ਨੂੰ ਕੱਢਣ ਦੀ ਕੋਸ਼ਿਸ਼ਾਂ ਜਾਰੀ ਹਨ। ਦੱਸ ਦਈਏ ਕਿ ਇਹ ਕਰਮਚਾਰੀ ਇਸ ਬੂਥ ਵਿੱਚ ਮੁਰੰਮਤ ਦਾ ਕੰਮ ਕਰ ਰਹੇ ਸਨ। ਇਸ ਬੂਥ ਵਿੱਚ ਇੱਕ ਕੌਫੀ ਹਾਊਸ ਖੁੱਲ੍ਹਣ ਵਾਲਾ ਸੀ, ਜਿਸ ਨੂੰ ਲੈ ਕੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਆਫਤ ਪ੍ਰਬੰਧਨ ਟੀਮ ਨੇ ਤੁਰੰਤ ਤਿੰਨਾਂ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ। ਜਦੋਂਕਿ ਇੱਕ ਮਜ਼ਦੂਰ ਨੂੰ ਮਲਬੇ ਅੰਦਰੋਂ ਲੱਭਣ ਲਈ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ।। ਫਿਲਹਾਲ ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਕੰਟਰੋਲ ਰੂਮ ਵਿੱਚ ਹਾਦਸੇ ਦੀ ਸੂਚਨਾ ਮਿਲਣ ਮਗਰੋਂ ਡੀਐਸਪੀ ਦੱਖਣੀ ਦਲਬੀਰ ਸਿੰਘ, ਸੈਕਟਰ 34 ਪੁਲਿਸ ਸਟੇਸ਼ਨ ਦੇ ਇੰਚਾਰਜ ਬਲਦੇਵ ਸਿੰਘ, ਸੈਕਟਰ 31 ਪੁਲਿਸ ਸਟੇਸ਼ਨ ਦੇ ਇੰਚਾਰਜ ਰਾਮ ਰਤਨ ਸ਼ਰਮਾ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ। ਇਸ ਦੌਰਾਨ ਪੁਲਿਸ ਨੇ ਹਾਦਸਾਗ੍ਰਸਤ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਰੋਡ ਵੀ ਜਾਮ ਕਰ ਦਿੱਤਾ ਹੈ। ਇੱਥੇ ਲੰਘਣ ਵਾਲੀ ਆਵਾਜਾਈ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ।

You May Also Like