ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚੋਂ ਨਵਜੰਮਿਆਂ ਬੱਚਾ ਹੋਇਆ ਚੋਰੀ, ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ

ਅੰਮ੍ਰਿਤਸਰ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੰਮ੍ਰਿਤਸਰ ਜ਼ਿਲ੍ਹੇ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚੋਂ ਨਵਜੰਮਿਆਂ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਔਰਤ ਨਵਜੰਮੇ ਬੱਚੇ ਨੂੰ ਲੈ ਕੇ ਫਰਾਰ ਹੋ ਗਈ ਹੈ। ਇਹ ਘਟਨਾ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪ੍ਰਵਾਰ ਵਿਚ 14 ਸਾਲਾਂ ਬਾਅਦ ਬੱਚੇ ਨੇ ਜਨਮ ਲਿਆ ਸੀ। ਇਹ ਘਟਨਾ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਦੀ ਦੱਸੀ ਜਾ ਰਹੀ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਕੈਮਰਿਆਂ ਜ਼ਰੀਏ ਉਕਤ ਮਹਿਲਾ ਦੀ ਪਛਾਣ ਕੀਤੀ ਜਾ ਰਹੀ ਹੈ। ਨਵਜੰਮੇ ਬੱਚੇ ਦੇ ਮਾਤਾ-ਪਿਤਾ ਨੇ ਦਸਿਆ ਕਿ ਉਹ ਮੱਜੁਪੁਰ ਪਿੰਡ ਤੋਂ ਕਰੀਬ 15 ਦਿਨ ਪਹਿਲਾਂ ਬੇਬੇ ਨਾਨਕੀ ਵਾਰਡ ਵਿਚ ਦਾਖਲ ਹੋਏ ਸਨ। ਬੀਤੀ ਸ਼ਾਮ 6 ਵਜੇ ਇਕ ਔਰਤ ਉਨ੍ਹਾਂ ਕੋਲ ਆਈ ਅਤੇ ਕਹਿਣ ਲੱਗੀ ਕਿ ਉਸ ਦੇ ਘਰ ਵੀ ਭਤੀਜਾ ਹੋਇਆ। ਅਜਿਹਾ ਕਰਕੇ ਉਸ ਨੇ ਉਨ੍ਹਾਂ ਦੇ ਨਾਲ ਜਾਣ ਪਛਾਣ ਵਧਾ ਲਈ। ਪ੍ਰਵਾਰ ਮੁਤਾਬਕ ਸਵੇਰੇ 3 ਵਜੇ ਉਨ੍ਹਾਂ ਨੂੰ ਕੁੱਝ ਸੁੰਘਾ ਕੇ ਔਰਤ ਉਨ੍ਹਾਂ ਦਾ ਬੱਚਾ ਲੈ ਕੇ ਫਰਾਰ ਹੋ ਗਈ। ਉਧਰ ਪ੍ਰਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ।

You May Also Like