ਬਠਿੰਡਾ ਚ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ‘ਤੇ ਜਾ ਰਹੇ ਜੀਜੇ ਸਾਲੇ ਨੂੰ ਮਾਰੀ ਟੱਕਰ, ਹਾਦਸੇ ‘ਚ ਦੋਵਾਂ ਦੀ ਮੌਤ

ਬਠਿੰਡਾ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਨੰਬਰ 7 ‘ਤੇ ਤਪਾ ਮੰਡੀ ਨਜ਼ਦੀਕ ਤੜਕਸਾਰ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਥੇ ਦਵਾਈ ਲੈਣ ਲਈ ਮੋਟਰਸਾਈਕਲ ‘ਤੇ ਜਾ ਰਹੇ ਜੀਜੇ ਸਾਲੇ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿਤੀ। ਇਸ ਹਾਦਸੇ ਵਿਚ ‘ਚ ਜੀਜੇ ਸਾਲੇ ਦੋਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਉਮਰ ਕਰੀਬ 50 ਸਾਲ ਵਾਸੀ ਪਿੰਡ ਘੜੈਲੀ ਜੋ ਆਪਣੇ ਜੀਜੇ ਜਰਨੈਲ ਸਿੰਘ ਉਮਰ ਕਰੀਬ 52 ਸਾਲ ਵਾਸੀ ਪਿੰਡ ਬੁਰਜ ਕਲਾਲਾ ਨਾਲ ਮੋਟਰਸਾਈਕਲ ‘ਤੇ ਦਵਾਈ ਲੈਣ ਬਰਨਾਲਾ ਜਾ ਰਹੇ ਸਨ।

ਜਦੋਂ ਉਹ ਪਿੰਡ ਮਹਿਤਾ ਦੇ ਕੱਟ ਨੇੜੇ ਗੁਰੂ ਨਾਨਕ ਸਕੂਲ ਕੋਲ ਪਹੁੰਚੇ ਤਾਂ ਪਿੱਛਿਓਂ ਆ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਉਨ੍ਹਾਂ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਘਟਨਾ ਦਾ ਪਤਾ ਲੱਗਦਿਆਂ ਹੀ ਸਹਾਰਾ ਕਲੱਬ ਤਪਾ ਵੱਲੋ ਐਂਬੂਲੈਂਸ ਰਾਹੀਂ ਦੋਵਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਚੈਕਅੱਪ ਤੋਂ ਬਾਅਦ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਹਾਦਸੇ ਦਾ ਪਤਾ ਲੱਗਦੇ ਸਾਰ ਹੀ ਵੱਡੀ ਗਿਣਤੀ ‘ਚ ਪਿੰਡ ਦੇ ਲੋਕ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ ਤੇ ਪਿੰਡ ‘ਚ ਗਮ ਦਾ ਮਾਹੌਲ ਬਣ ਗਿਆ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿਚ ਮਾਤਮ ਛਾ ਗਿਆ ਜਦਕਿ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਧਰ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

You May Also Like