ਚੰਡ੍ਹੀਗੜ੍ਹ, 23 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁਧ ਵਿੱਢੀ ਮੁਹਿੰਮ ਦੌਰਾਨ ਅੱਜ ਸੀ.ਆਈ.ਏ. ਸਮਾਣਾ, ਪਟਿਆਲਾ ਵਿਖੇ ਤਾਇਨਾਤ ਏ.ਐਸ.ਆਈ. ਰਘੁਵੀਰ ਸਿੰਘ ਨੂੰ ਰਿਸ਼ਵਤ ਵਜੋਂ 6 ਲੱਖ ਰੁਪਏ ਲੈਣ ਅਤੇ 4 ਲੱਖ ਰੁਪਏ ਹੋਰ ਦੀ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਸ਼ੈਂਪੀ ਸਿੰਘ ਪੁੱਤਰ ਪਰਮਜੀਤ ਸਿੰਘ ਵਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਉਕਤ ਪੁਲਿਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜੋ : ਕੈਬਨਿਟ ਮੰਤਰੀ ਈ.ਟੀ.ਓ ਨੇ ਟੋਕੇ ’ਚ ਹੱਥ ਦੀਆਂ ਉਂਗਲਾਂ ਕੱਟੇ ਜਾਣ ਵਾਲੇ ਕਿਸਾਨ ਨੂੰ 40 ਹਜ਼ਾਰ ਰੁਪਏ ਦਾ ਦਿੱਤਾ ਚੈਕ
ਉਹਨਾਂ ਅੱਗੇ ਦਸਿਆ ਕਿ ਸ਼ਿਕਾਇਤਕਰਤਾ ਨੇ ਅਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਉਕਤ ਏ.ਐਸ.ਆਈ. ਸਬੰਧਤ ਥਾਣੇ ਵਿਚ ਉਸ ਖਿਲਾਫ਼ ਦਰਜ ਕੀਤੇ ਇਕ ਮੁਕੱਦਮੇ ਦੀ ਜਾਂਚ ਵਿਚ ਸ਼ਾਮਲ ਹੋਣ ਬਦਲੇ 10 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਉਸ ਨੇ ਅੱਗੇ ਦੋਸ਼ ਲਗਾਇਆ ਕਿ ਉਕਤ ਏ.ਐਸ.ਆਈ 27-04-2023 ਨੂੰ ਪਹਿਲਾਂ ਹੀ ਰਿਸ਼ਵਤ ਵਜੋਂ 6 ਲੱਖ ਰੁਪਏ ਲੈ ਚੁੱਕਾ ਹੈ ਅਤੇ ਬਾਕੀ 4 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਬੁਲਾਰੇ ਨੇ ਅੱਗੇ ਦਸਿਆ ਕਿ ਵਿਜੀਲੈਂਸ ਬਿਊਰੋ ਯੂਨਿਟ ਪਟਿਆਲਾ ਨੇ ਸ਼ਿਕਾਇਤ ਦੀ ਪੜਤਾਲ ਕਰਕੇ ਪੁਲਿਸ ਮੁਲਾਜ਼ਮ ਨੂੰ 6 ਲੱਖ ਰੁਪਏ ਦੀ ਰਿਸ਼ਵਤ ਲੈਣ ਅਤੇ ਸ਼ਿਕਾਇਤਕਰਤਾ ਤੋਂ ਬਾਕੀ ਰਕਮ ਦੀ ਮੰਗ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਉਪਰੰਤ ਉਸ ਵਿਰੁਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਏ.ਐਸ.ਆਈ. ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਭਲਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।