ਸ੍ਰੀ ਚਮਕੌਰ ਸਾਹਿਬ 22 ਅਗਸਤ (ਹਰਦਿਆਲ ਸਿੰਘ ਸੰਧੂ) – ਭਾਰਤੀ ਕਿਸਾਨ ਯੂਨੀਅਨ ਕਾਦੀਆਂ ਰੋਪੜ ਦੇ ਪ੍ਰਧਾਨ ਰੇਸ਼ਮ ਸਿੰਘ ਬਡਾਲੀ , ਜਿਲਾ ਜ / ਸਕੱਤਰ ਇਕਬਾਲ ਸਿੰਘ ਸ੍ਰੀ ਚਮਕੌਰ ਸਾਹਿਬ, ਹਰਿੰਦਰ ਸਿੰਘ ਸੱਲੋਮਾਜਰਾ ਬਲਾਕ ਪ੍ਰਧਾਨ ਸ਼੍ਰੀ ਚਮਕੌਰ ਸਾਹਿਬ, ਮੋਹਰ ਸਿੰਘ ਬਲਾਕ ਪ੍ਰਧਾਨ ਰੋਪੜ, ਅਮਰਜੀਤ ਸਿੰਘ ਬਲਾਕ ਪ੍ਰਧਾਨ ਮੋਰਿੰਡਾ ਨੇ ਸਮੂਹਿਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਪਣੀਆਂ ਮੰਗਾ ਦੇ ਹੱਕ ਵਿਚ ਸ਼ਾਂਤਮਾਈ ਤਰੀਕੇ ਨਾਲ ਚੰਡੀਗੜ੍ਹ ਜਾ ਰਹੇ ਕਿਸਾਨਾਂ ਨੂੰ ਰਸਤਿਆਂ ਵਿਚ ਰੋਕਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਸ਼ਹੀਦ ਕਰਨ ਤੇ ਬਦਲਾਅ ਵਾਲੀ ਪੰਜਾਬ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋਇਆ ਹੈ। ਆਗੂਆਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾ ‘ਚ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨਾਂ ਵਲੋਂ ਹੜ੍ਹਾਂ ਨਾਲ ਹੋਏ ਵੱਡੇ ਜਾਨੀ ਤੇ ਮਾਲੀ ਨੁਕਸਾਨ ਨਾਲ ਸਰਕਾਰ ਤੋਂ ਮੁਆਵਜੇ ਦੀ ਮੰਗ ਲਈ ਸ਼ਾਤਮਈ ਤਰੀਕੇ ਨਾਲ ਪ੍ਰਦਰਸ਼ਨ ਕਾਰਨ ਦਾ ਸਵਿਧਾਨਿਕ ਹੱਕ ਹੈ ਸਰਕਾਰ ਵਲੋਂ ਨਦੀਆਂ, ਨਾਲਿਆਂ ਤੇ ਡਰੇਨਾਂ ਦੀ ਸਫਾਈ ਤੇ ਹੜ੍ਹ ਆਉਣ ਤੋਂ ਪਹਿਲਾ ਹੋਰ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਉਨ੍ਹਾਂ ਕਿਹਾ ਕਿ ਸਰਕਾਰ ਬਰਸਾਤ ਦੇ ਮੌਸਮ ਤੋਂ ਪਹਿਲਾਂ ਨਦੀਆਂ, ਨਾਲਿਆਂ ਅਤੇ ਡਰੇਨਜ ਦੀ ਸਫਾਈ ਕਰਨ ‘ਚ ਅਸਫਲ ਰਹੀ ਹੈ ਜਿਸ ਦਾ ਖਮਿਆਜਾ ਪਬਲਿਕ ਨੂੰ ਭੁਗਤਣਾ ਪੈ ਰਿਹਾ ਹੈ । ਸਰਕਾਰ ਉਲਟਾ ਆਪਣੀ ਜਿੰਮੇਵਾਰੀ ਤੋਂ ਭੱਜਦਿਆਂ ਕਿਸਾਨਾਂ ਅਤੇ ਸਮਰਥਨ ਕਰ ਰਹੇ ਲੋਕਾਂ ਤੇ ਜ਼ੁਲਮ ਕਰ ਕੇ ਅਵਾਮ ਦੀ ਅਵਾਜ਼ ਨੂੰ ਦਬਾਅ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ ਜਿਸ ਦਾ ਖਮਿਆਜਾ ਸਰਕਾਰ ਨੂੰ ਬਹੁਤ ਜਲਦੀ ਭੁਗਤਣਾ ਪਵੇਗਾ। ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੌਰਾਨ ਆਪਣੇ ਹੱਕਾਂ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ, ਜਖਮੀਆਂ ਅਤੇ ਨੁਕਸਾਨੇ ਗਏ ਵਾਹਨਾਂ ਲਈ ਸਰਕਾਰ ਮੁਆਵਜਾ ਦੇਵੇ, ਅਤੇ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਤੇ ਸਖ਼ਤ ਕਾਰਵਾਈ ਕਰ ਕੇ ਸਜ਼ਾਵਾ ਦੇਵੇ ।
ਚੰਡੀਗੜ੍ਹ ਜਾ ਰਹੇ ਕਿਸਾਨਾਂ ਨੂੰ ਰਸਤਿਆਂ ‘ਚ ਰੋਕਣ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਸ਼ਹੀਦ ਕਰਨਾ ਮੰਦਭਾਗਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ
