ਅੰਮ੍ਰਿਤਸਰ, 28 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੰਮ੍ਰਿਤਸਰ ‘ਚ ਲੁੱਟ-ਖੋਹ ਦੀਆਂ ਵਧਦੀਆਂ ਵਾਰਦਾਤਾਂ ਦੌਰਾਨ ਲੁਟੇਰਿਆਂ ਦਾ ਹੌਸਲਾ ਵਧਦਾ ਜਾ ਰਿਹਾ ਹੈ। ਸ਼ੁੱਕਰਵਾਰ ਰਾਤ ਨੂੰ ਲੁਟੇਰਿਆਂ ਨੇ ਰਾਮ ਨਗਰ ਕਲੋਨੀ ਗੁਰੂ ਨਾਨਕ ਪੁਰਾ ਦੇ ਰਹਿਣ ਵਾਲੇ ਰਾਜੇਸ਼ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਜਾਗਰਣ ਕਰਨ ਜਾ ਰਿਹਾ ਸੀ। ਜਿਸ ਤੋਂ ਬਾਅਦ ਰਾਜੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਖਜ਼ਾਨਾ ਗੇਟ ਗਰਾਊਂਡ ਵਿੱਚ ਅੱਧੀ ਰਾਤ ਨੂੰ ਵਾਲਮੀਕ ਪ੍ਰਗਟ ਦਿਵਸ ਮੌਕੇ ਚੌਕੀ ਰੱਖੀ ਗਈ ਸੀ। ਦਯਾਨੰਦ ਨਗਰ ਤੋਂ ਰਤਨ ਸਿੰਘ ਚੌਂਕ ਵੱਲ ਜਾ ਰਿਹਾ ਸੀ। ਰਾਜੇਸ਼ ਅਤੇ ਉਸ ਦੇ ਸਾਥੀ ਨਿਊ ਰਿਆਲਟੋ ਚੌਂਕ ਤੋਂ ਥੋੜ੍ਹਾ ਅੱਗੇ ਪੁੱਜੇ ਹੀ ਸਨ ਕਿ ਪਿੱਛੇ ਤੋਂ ਤਿੰਨ ਨੌਜਵਾਨ ਬਾਈਕ ‘ਤੇ ਆਏ। ਲੁਟੇਰਿਆਂ ਨੇ ਉਸ ਕੋਲ ਪਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜੋ : ਜੰਮੂ ਕਸ਼ਮੀਰ ਦੇ ਰਾਜੌਰੀ ਵਿਖੇ ਡਿਊਟੀ ਦੌਰਾਨ ਧੂਰੀ ਦਾ ਫ਼ੌਜੀ ਨੌਜਵਾਨ ਹੋਇਆ ਸ਼ਹੀਦ
ਜਦੋਂ ਉਸ ਨੇ ਬੈਗ ਨਾ ਛੱਡਿਆ ਤਾਂ ਬਾਈਕ ਦੇ ਅੱਗੇ ਬੈਠੇ ਲੁਟੇਰੇ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਰਾਜੇਸ਼ ਨੂੰ ਸਿੱਧੀ ਛਾਤੀ ‘ਤੇ ਲੱਗੀ ਅਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਤਿੰਨੇ ਲੁਟੇਰੇ ਆਬਾਦੀ ਵੱਲ ਭੱਜ ਗਏ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਲਜ਼ਮਾਂ ਬਾਰੇ ਸੁਰਾਗ ਹਾਸਲ ਕਰਨ ਲਈ ਨਿਊ ਰਿਆਲਟੋ ਚੌਕ ਦੇ ਆਲੇ-ਦੁਆਲੇ ਬਣੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਘਰ ਇੱਕ ਬੇਟੀ ਅਤੇ ਇੱਕ ਅਪਾਹਜ ਪਿਤਾ ਹੈ। ਰਾਜੇਸ਼ ਘਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।