ਅੰਮ੍ਰਿਤਸਰ, 2 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਦੇ ਅੰਮ੍ਰਿਤਸਰ ‘ਚ ਪੁਲਿਸ ਅਤੇ ਤਸਕਰਾਂ ਵਿਚਾਲੇ ਮੁੱਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮੁੱਠਭੇੜ ਅੰਮ੍ਰਿਤਸਰ-ਜਲੰਧਰ ਰੋਡ ‘ਤੇ ਸਥਿਤ ਖਿਲਚੀਆਂ ‘ਚ ਹੋਈ। ਸੂਚਨਾ ਅਨੁਸਾਰ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਤਾਂ ਮੁਲਜ਼ਮਾਂ ਨੇ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ। ਫਿਲਹਾਲ ਜਖ਼ਮੀ ਤਸਕਰਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜੋ : ਸੁਨਾਮ ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਬੱਚੇ ਸਮੇਤ ਛੇ ਜਣਿਆਂ ਦੀ ਮੌਤ
ਮਿਲੀ ਜਾਣਕਾਰੀ ਅਨੁਸਾਰ ਥਾਣਾ ਖਿਲਚੀਆਂ ਅਧੀਨ ਪੈਂਦੇ ਚੰਡੀ ਪੈਲਸ ਨੇੜੇ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਮੁੱਠਭੇੜ ਹੋਈ। ਦੋਵੇਂ ਮੁਲਜ਼ਮ ਚੰਦੀ ਪੈਲੇਸ ਨੇੜੇ ਸਵਿਫਟ ਕਾਰ ਵਿਚ ਕਿਸੇ ਦਾ ਇੰਤਜ਼ਾਰ ਕਰ ਰਹੇ ਸਨ। ਜਾਣਕਾਰੀ ਮੁਤਾਬਕ ਪੁਲਿਸ ਨੇ ਕਾਰ ਨੂੰ ਘੇਰ ਲਿਆ ਪਰ ਦੋਸ਼ੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਜਵਾਬ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀ ਇੱਕ ਤਸਕਰ ਦੇ ਮੋਢੇ ਅਤੇ ਦੂਜੇ ਦੀ ਛਾਤੀ ਵਿਚ ਲੱਗੀ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਤਸਕਰਾਂ ਨੂੰ ਅਮਨਦੀਪ ਹਸਪਤਾਲ ਵਿਚ ਦਾਖਲ ਕਰਵਾਇਆ।
ਇਹ ਵੀ ਪੜੋ : ਲੁਧਿਆਣਾ ਚ ਛੁੱਟੀ ‘ਤੇ ਆਏ ਫੌਜੀ ਦਾ ਕਤਲ
ਤਸਕਰਾਂ ਦੀ ਪਛਾਣ ਸੁਖਜਿੰਦਰ ਸਿੰਘ ਵਾਸੀ ਸਮਾਣਾ ਕਲਾਂ ਥਾਣਾ ਮੋਰਿੰਡਾ ਰੂਪ ਨਗਰ ਅਤੇ ਅਕਾਸ਼ਦੀਪ ਸਿੰਘ ਵਾਸੀ ਈਦ ਮੋਰਿੰਡਾ ਰੂਪ ਨਗਰ ਵਜੋਂ ਹੋਈ ਹੈ। ਦੋਵਾਂ ਤਸਕਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਵੇਂ ਪੁਲਿਸ ਹਿਰਾਸਤ ‘ਚ ਅਮਨਦੀਪ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਡੀਐਸਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਤਸਕਰਾਂ ਕੋਲੋਂ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ ਜੋ ਕਿ ਰੂਪਨਗਰ ‘ਚ ਰਜਿਸਟਰ ਹੈ। ਇਸ ਤੋਂ ਇਲਾਵਾ ਇੱਕ ਪਿਸਤੌਲ ਵੀ ਬਰਾਮਦ ਹੋਈ ਹੈ, ਜਿਸ ਤੋਂ ਮੁਲਜ਼ਮਾਂ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਸੀ।