18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨਾਂ ਨੂੰ ਵੋਟਾਂ ਲਈ ਕੀਤੀ ਜਾਵੇ ਰਜਿਸਟਰਡ : ਜਿਲਾ ਚੋਣ ਅਧਿਕਾਰੀ

ਅੰਮ੍ਰਿਤਸਰ, 24 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਆਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਜ਼ਿਲ੍ਹੇ ਦੇ ਸਮੂਹ ਈ.ਆਰ.ਓਜ਼ , ਏ ਈ ਆਰ ਓ ਅਤੇ ਸੈਕਟਰ ਅਫ਼ਸਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਯੋਗਤਾ ਮਿਤੀ 1 ਜਨਵਰੀ 2024 ਦੇ ਆਧਾਰ ‘ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ ਵਿੱਚ 9 ਦਸੰਬਰ 2023 ਤੱਕ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਕੰਮ ਚੱਲੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ 1 ਜਨਵਰੀ 2024 ਨੂੰ 18 ਸਾਲ ਦੀ ਹੋ ਜਾਵੇਗੀ ਉਨ੍ਹਾਂ ਵੱਲੋ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਆਗਾਮੀ ਲੋਕ ਸਭਾ ਚੋਣਾਂ 2024 ਨੂੰ ਦੇਖਦਿਆਂ ਸਮੂਹ ਈ.ਆਰ.ਓਜ਼ ਨੂੰ 18-19 ਸਾਲ ਦੇ ਨੌਜਵਾਨਾਂ ਦੀ ਵੱਧ ਤੋ ਵੱਧ ਰਜਿਸਟ੍ਰੇਸ਼ਨ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਗੁਰੂਦੁਆਰਾ ਦੀਆਂ ਵੋਟਾਂ ਸਬੰਧੀ ਆਪਣੇ-ਆਪਣੇ ਦਫ਼ਤਰਾਂ ਦੇ ਬਾਹਰ ਨੋਟਿਸ ਲਗਾਏ ਜਾਣ ਤਾਂ ਜੋ ਆਮ ਜਨਤਾ ਨੂੰ ਵੋਟਾਂ ਬਣਾਉਣ ਦੀਆਂ ਮਿਤੀਆਂ ਬਾਰੇ ਪਤਾ ਲੱਗ ਸਕੇ।

ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਵੀਪ ਟੀਮ ਨੂੰ ਜ਼ਿਲ੍ਹੇ ਵਿੱਚ ਪੈਂਦੇ ਹਾਈ ਸਕੂਲਾਂ, ਸੀਨੀਅਰ ਸੈਕੰਡਰੀ ਸਕੂਲਾਂ, ਤਕਨੀਕੀ ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਵੱਧ ਤੋਂ ਵੱਧ ਸਵੀਪ ਪ੍ਰੋਗਰਾਮ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨ ਵੋਟਰਾਂ, ਖਾਸ ਕਰਕੇ ਜੋ 1 ਜਨਵਰੀ 2024 ਨੂੰ 18 ਸਾਲ ਦੇ ਹੋ ਜਾਣਗੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਉਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਵੋਟ ਨਹੀਂ ਬਣੀ ਹੈ ਤਾਂ ਉਹ ਫ਼ਾਰਮ ਨੰ 6 ਭਰ ਕੇ ਨਵੀਂ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਜੇਕਰ ਕਿਸੇ ਨੇ ਵੋਟ ਕਟਵਾਉਣੀ ਹੈ ਤਾਂ ਫ਼ਾਰਮ ਨੰ. 7, ਵੇਰਵਿਆਂ ਵਿੱਚ ਸੋਧ ਲਈ/ਦਿਵਿਆਂਗ ਵਜੋਂ ਮਾਰਕਿੰਗ ਲਈ/ਰਿਹਾਇਸ਼ ਬਦਲਣ ਲਈ ਜਾਂ ਬਦਲੀ ਵੋਟਰ ਕਾਰਡ ਲਈ ਫ਼ਾਰਮ ਨੰ. 8 ਅਤੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰ:6 ਬੀ ਭਰ ਸਕਦੇ ਹਨ।

You May Also Like